ਬੇਸਹਾਰਾ ਬਜ਼ੁਰਗਾਂ ਤੇ ਨੌਜਵਾਨਾਂ ਨਾਲ ਸਮਾਂ ਬਿਤਾ ਕੇ ਜਾਣਿਆ ਹਾਲ-ਚਾਲ; ਆਸ਼ਰਮ ਨੂੰ ਭਵਿੱਖ ’ਚ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ
ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ) :
ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਗੁੱਜਰ ਵੈਲਫੇਅਰ ਗਰੁੱਪ ਬਲਾਚੌਰ-ਰੋਪੜ੍ਹ ਵੱਲੋਂ ਪਿੰਡ ਟੀਹਰਾ ਵਿਖੇ ਸਥਿਤ ਆਸ ਨਿਵਾਸ ਆਸ਼ਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗਰੁੱਪ ਦੇ ਮੈਂਬਰਾਂ ਨੇ ਆਸ਼ਰਮ ਵਿੱਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਅਤੇ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਆਪਣਾ ਕੀਮਤੀ ਸਮਾਂ ਉਨ੍ਹਾਂ ਨਾਲ ਸਾਂਝਾ ਕੀਤਾ।
ਇਸ ਦੌਰਾਨ ਗੁੱਜਰ ਵੈਲਫੇਅਰ ਗਰੁੱਪ ਵੱਲੋਂ ਆਸ਼ਰਮ ਵਿਖੇ ਸ਼ੈਡ ਦੀ ਸੇਵਾ ਵੀ ਕੀਤੀ ਗਈ। ਇਸ ਸੇਵਾ ਕਾਰਜ ਦਾ ਮਕਸਦ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਅਤੇ ਹੋਰ ਲੋੜਵੰਦਾਂ ਲਈ ਬਿਹਤਰ ਸਹੂਲਤ ਅਤੇ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਉਣਾ ਸੀ। ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਅਤੇ ਸਮਾਜ ਦੇ ਲੋੜਵੰਦ, ਬੇਸਹਾਰਾ ਅਤੇ ਬਜ਼ੁਰਗ ਵਰਗ ਦੀ ਸਹਾਇਤਾ ਲਈ ਹਰ ਸਮਰੱਥ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ।
ਗਰੁੱਪ ਮੈਂਬਰਾਂ ਨੇ ਆਸ ਨਿਵਾਸ ਆਸ਼ਰਮ ਦੇ ਸੰਚਾਲਕ ਦੇਸਰਾਜ ਜੀ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸਰਾਜ ਜੀ ਮਨੁੱਖਤਾ ਦੀ ਸੇਵਾ ਲਈ ਦਿਨ-ਰਾਤ ਇਕ ਕਰ ਰਹੇ ਹਨ ਅਤੇ ਬੇਸਹਾਰਾ ਲੋਕਾਂ ਲਈ ਆਸਰਾ ਬਣ ਕੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਗਰੁੱਪ ਮੈਂਬਰਾਂ ਨੇ ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਨੂੰ ਦਿਲੋਂ ਸਲਾਮ ਕਰਦਿਆਂ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਸੇਵਾਵਾਂ ਹੋਰਨਾਂ ਲੋਕਾਂ ਨੂੰ ਵੀ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੰਦੀਆਂ ਹਨ।
ਇਸ ਮੌਕੇ ਗੁੱਜਰ ਵੈਲਫੇਅਰ ਗਰੁੱਪ ਵੱਲੋਂ ਆਸ਼ਰਮ ਲਈ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ। ਮੈਂਬਰਾਂ ਨੇ ਕਿਹਾ ਕਿ ਸਮਾਜ ਸੇਵਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਂਝੀ ਕੋਸ਼ਿਸ਼ ਨਾਲ ਹੀ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ।
ਇਸ ਸੇਵਾ ਕਾਰਜ ਵਿੱਚ ਰਾਮ ਕਿਸ਼ਨ ਚੌਹਾਨ, ਮੋਹਨ ਲਾਲ ਠੇਕੇਦਾਰ, ਸਤਨਾਮ (ਬਿੱਲਾ), ਮਨੀਸ਼ ਕਸਾਨਾਂ (ਮੰਡ), ਰਵਿੰਦਰ ਬਾਂਠ, ਹੰਸਰਾਜ, ਰਾਜ ਕੁਮਾਰ ਸਰਪੰਚ, ਲਖਵਿੰਦਰ (ਲੱਕੀ), ਹਰਵਿੰਦਰ ਕੋਹਲੀ, ਸੇਠੀ ਮਾਹੀਪੁਰ, ਪ੍ਰਿੰਸ ਕੋਹਲੀ, ਰਾਹੁਲ ਕੋਹਲੀ, ਹਨੀ (ਚੇਅਰਮੈਨ), ਪਰਮਜੀਤ (ਸੋਨੂੰ), ਚਰਨਜੀਤ ਸਿੰਘ (ਬਿੱਟੂ), ਭੁਪਿੰਦਰ ਫੌਜੀ, ਕੈਪਟਨ ਅਸ਼ਵਨੀ ਬਜ਼ਾੜ੍ਹ, ਹਨੀ ਮੰਡ (ਜਲੰਧਰ), ਬਲਵੀਰ ਚੌਧਰੀ, ਰਾਕੇਸ਼ ਚੌਧਰੀ ਅਤੇ ਬਾਲ ਕਿਸ਼ਨ (ਰੈਲਮਾਜਰਾ) ਸਮੇਤ ਗੁੱਜਰ ਵੈਲਫੇਅਰ ਗਰੁੱਪ ਦੇ ਮੈਂਬਰ ਹਾਜ਼ਰ ਸਨ।













Leave a Reply