ਬਲਾਚੌਰ ਵਿਖੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਪੰਜ ਸਕੂਲੀ ਬੱਸਾ ਦਾ ਕਟਿਆ ਚਲਾਨ


ਨਵਾਂ ਸ਼ਹਿਰ : (ਜਤਿੰਦਰਪਾਲ ਸਿੰਘ ਕਲੇਰ ) 

      ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ  ਗੁਲਪ੍ਰੀਤ ਸਿੰਘ ਔਲਖ (ਆਈ.ਏ.ਐਸ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਟੀਮ ਦੇ ਸਹਿਯੋਗ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ  ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਟ੍ਰੈਫਿਕ ਪੁਲਿਸ ਬਲਾਚੌਰ ਤੋਂ ਏ ਐਸ ਆਈ ਜੋਗਿੰਦਰ ਸਿੰਘ ਅਤੇ ਮੱਖਣ ਸਿੰਘ , ਸਿੱਖਿਆ ਵਿਭਾਗ ਤੋ ਐਲੀਮੈਂਟਰੀ ਟੀਚਰ ਰਾਜਨ ਵਲੋਂ ਸਾਂਝੇ ਤੌਰ ਤੇ ਸਕੂਲੀ ਬਸਾਂ ਦੀ ਚੈਕਿੰਗ ਕੀਤੀ ਗਈ| ਚੈਕਿੰਗ ਦੌਰਾਨ  ਬਲਾਚੌਰ ਪਬਲਿਕ ਸਕੂਲ , ਸੈਂਟ ਜੋਸੇਫ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਐੱਮ ਆਰ ਸਿਟੀ ਸਕੂਲ ਦੋਆਬਾ ਦੀਆਂ ਬੱਸਾਂ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 04 ਸਕੂਲਾਂ ਦੀਆਂ ਕੁੱਲ 14 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ *ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਪੰਜ ਸਕੂਲੀ ਬਸਾਂ ਦੇ ਚਲਾਨ *( 2 ਬੱਸਾਂ ਵਿੱਚ ਸੀਸੀਟੀਵੀ ਕੈਮਰਾ ਨਾ ਹੋਣ ਕਰ ਕੇ, 2 ਬਸਾਂ ਦੀਆਂ ਫਸਟ ਐਡ ਕੀਟਾਂ ਵਿੱਚ ਐਕਸਪਾਇਰਡ ਦਵਾਈਆਂ ਮਿਲਣ ਕਰ ਕੇ ਅਤੇ ਇਕ ਬੱਸ ਵਿੱਚ ਅੱਗ ਭੁਜਾਓ ਯੰਤਰ ਦੀ ਐਕਸਪਾਇਰਡ ਹੋਣ ਕਰ ਕੇ)ਵੀ ਕੀਤੇ ਗਏ।  ਚੈਕਿੰਗ ਦੌਰਾਨ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ।  ਜਿਲ੍ਹਾ ਬਾਲ ਸੁਰੱਖਿਆ ਦਫਤਰ ਵਲੋ ਸਮੇ-ਸਮੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਵਾਹਨਾ ਦੇ  ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀ.ਸੀ ਟੀ. ਵੀ. ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ,  ਫਸਟ ਐਡ ਬਾਕਸ, ਲੇਡੀ ਕੰਡਕਟਰ, ਬਸ ਡਰਾਈਵਰ ਦਾ ਸਕੂਲ ਯੂਨੀਫੋਮ ਵਿੱਚ ਹੋਣਾ, ਸੀਟ ਬੈਲਟ ਲਗਾਣਾ, ਕਪੈਸਿਟੀ ਤੋਂ ਵੱਧ ਬੱਚੇ ਸਕੂਲ ਬੱਸ ਵਿੱਚ ਨਾ ਬਿਠਾਣਾ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋ ਇਲਾਵਾ ਟੀਮ ਵੱਲੋਂ ਮੌਕੇ ਤੇ ਹੀ ਬਲਾਚੌਰ ਪਬਲਿਕ ਡਕੂਲ ਵਿਸਿਟ ਕਰ ਕੇ ਸਕੂਲੀ ਬਸਾਂ ਦੇ ਡਰਾਇਵਰਾ ਨੂੰ ਵਿਸ਼ੇਸ਼ ਤੌਰ ਤੇ ਹਿਦਾਇਤ ਕੀਤੀ ਗਈ ਕਿ ਬੱਚੇ ਨੂੰ ਸਕੂਲ ਵੈਨ ਵਿੱਚ ਬਿਠਾਉਣ ਤੋ ਬਾਅਦ ਬੱਚੇ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਕੂਲ ਤੋਂ ਵਾਪਸੀ ਸਮੇ ਬੱਸ ਤੋਂ ਉਤਾਰਨ ਸਮੇ ਬੱਚੇ ਨੂੰ ਬਿਲਕੁਲ ਵੀ ਇਕੱਲਾ ਨਾ ਛੱਡਿਆ ਜਾਵੇ ਬਲਕਿ ਬੱਚੇ ਨੂੰ ਸੜਕ ਪਾਰ ਕਰਵਾ ਕੇ ਮਾਂ ਪਿਓ ਦੇ ਸੁਪੁਰਦ ਕਰਨਾ ਕੰਡਕਟਕਰ ਦੀ ਡਿਊਟੀ ਬਣਦੀ ਹੈ, ਇਸ ਵਿੱਚ ਕਿਸੀ ਤਰਾ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਤੋਂ ਇਲਾਵਾ ਡਰਾਈਵਰ ਕੋਲ ਵਾਹਨ ਦੇ ਕਾਗਜਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਹਨਾ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।  ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ।  ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਬੱਸਾਂ ਨੂੰ ਰੋਡ ਤੇ ਲਿਆਣ ਤੋਂ ਪਹਿਲਾਂ ਆਪਣੇ  ਅਤੇ ਆਪਣੀ ਬਸਾਂ ਦੇ ਦਸਤਾਵੇਜ਼ ਤੰਦਰੁਸਤ ਕਰ ਲੈਣ। ਇਸ ਮੌਕੇ ਟੀਮ ਵਿੱਚ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪੁਲਿਸ ਵਿਭਾਗ ਤੋਂ ਜੋਗਿੰਦਰ ਪਾਲ ਏ ਐਸ ਆਈ, ਮੱਖਣ ਸਿੰਘ ਕਾਂਸਟੇਬਲ, ਸਿੱਖਿਆ ਵਿਭਾਗ ਤੋ ਰਾਜਨ ਐਲੀਮੈਂਟਰੀ ਟੀਚਰ ਦੇ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋ ਸੰਤੇਸ਼ ਡੀ ਈ ਓ ਅਤੇ ਇੰਦਰਜੀਤ ਡੀ ਈ ਓ ਵੀ ਮੌਜੂਦ ਸਨ।


Leave a Reply

Your email address will not be published. Required fields are marked *