ਆਪ ਸਰਕਾਰ ਦੇ ਰਾਜ ਵਿੱਚ ਬਿਜਲੀ ਦੇ ਬਿੱਲ ਮਹੀਨੇ ਦੇ 7 ਹਜ਼ਾਰ ਰੁਪਏ ਤੋਂ ਪਾਰ — ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ 


ਮੁਫ਼ਤ ਬਿਜਲੀ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੀ ਅਸਲੀਅਤ ਲੋਕਾਂ ਦੇ ਵਧਦੇ ਬਿਜਲੀ ਬਿੱਲਾਂ ਨੇ ਕੀਤੀ ਬੇਨਕਾਬ 

ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ )

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਅਤੇ ਮੁਫ਼ਤ ਬਿਜਲੀ ਦੇ ਕੀਤੇ ਵੱਡੇ-ਵੱਡੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਅੱਜ ਆਮ ਪਰਿਵਾਰਾਂ ਨੂੰ ਮਹੀਨੇ ਦੇ 7 ਹਜ਼ਾਰ ਰੁਪਏ ਤੋਂ ਵੀ ਵੱਧ ਦੇ ਬਿਜਲੀ ਬਿੱਲ ਆ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜੇ ਮੰਗੂਪੁਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਆਗੂਆਂ ਨੇ ਘਰ-ਘਰ ਮੁਫ਼ਤ ਬਿਜਲੀ ਅਤੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਵਾਅਦੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਮਹਿੰਗੇ ਬਿੱਲਾਂ, ਗਲਤ ਬਿਲਿੰਗ ਅਤੇ ਬਿਜਲੀ ਵਿਭਾਗ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਆਮ ਮੱਧਵਰਗੀ ਜਾਂ ਗਰੀਬ ਪਰਿਵਾਰ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਬਿਜਲੀ ਬਿੱਲ ਭਰਨਾ ਪਵੇ ਤਾਂ ਸਰਕਾਰ ਦੀ ‘ਮੁਫ਼ਤ ਬਿਜਲੀ’ ਦੀ ਗਾਰੰਟੀ ਕਿੱਥੇ ਗਈ? ਸਰਕਾਰ ਨੂੰ ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਦੀ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦੀਆਂ ਅਸਲ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਜੇ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰ ਤੋਂ ਵਾਅਦਿਆਂ ਦਾ ਨਹੀਂ, ਸਗੋਂ ਜਵਾਬ ਅਤੇ ਹਿਸਾਬ ਮੰਗ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਵੱਧ ਰਹੇ ਬਿੱਲਾਂ ਦੀ ਜਾਂਚ ਕਰਵਾਈ ਜਾਵੇ, ਗਲਤ ਬਿਲਿੰਗ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਬਿਜਲੀ ਦੇ ਬੋਝ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਲੋਕਾਂ ਦੇ ਹੱਕ ਵਿੱਚ ਸੜਕ ਤੋਂ ਲੈ ਕੇ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।

ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਮਨਦੀਪ ਮੀਨਾ ਮਹਿਲਾ ਆਗੂ ਆਦਿ ਹਾਜ਼ਰ ਸਨ।


Leave a Reply

Your email address will not be published. Required fields are marked *