ਨਵਾਂ ਪਿੰਡ ਟੱਪਰੀਆਂ ‘ਚ ਗੂੰਜਿਆ ਵਿਕਾਸ ਦਾ ਨਾਅਰਾ – ਬ੍ਰਿਗੇਡੀਅਰ ਰਾਜਕੁਮਾਰ ਬੋਲੇ – 70 ਹਜ਼ਾਰ ਨੌਕਰੀਆਂ, 600 ਯੂਨਿਟ ਮੁਫਤ ਬਿਜਲੀ ਤੇ 10 ਲੱਖ ਦਾ ਮੁਫਤ ਇਲਾਜ, ਇਹ ਹੈ ਅਸਲ ਬਦਲਾਅ


– ਸਰਕਾਰ ਲੋਕਾਂ ਦੇ ਦਰ ‘ਤੇ – ਬ੍ਰਿਗੇਡੀਅਰ ਰਾਜਕੁਮਾਰ

ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ):

ਪੰਜਾਬ ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜਕੁਮਾਰ ਵੱਲੋਂ ਅੱਜ ਪਿੰਡ ਨਵਾਂ ਪਿੰਡ ਟੱਪਰੀਆਂ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਰਾਜਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਪਹਿਲ ਦੇ ਆਧਾਰ ‘ਤੇ ਲਿਆ ਗਿਆ ਹੈ। ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਤਿਹਾਸਕ ਅਤੇ ਸਖ਼ਤ ਕਦਮ ਚੁੱਕੇ ਗਏ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕਾਂ ਦਾ ਜਾਲ ਵਿਛਾਇਆ ਗਿਆ ਹੈ, ਜਿੱਥੇ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਹੁਣ ਤੱਕ ਕਰੀਬ 70 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਬ੍ਰਿਗੇਡੀਅਰ ਰਾਜਕੁਮਾਰ ਨੇ ਅੱਗੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਲਈ ਨਹਿਰੀ ਪਾਣੀ ਖੇਤਾਂ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਰਿਹਾ ਹੈ। ਆਮ ਘਰਾਂ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਵਰਗ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ, ਜੋ ਕਿ ਦੇਸ਼ ਵਿੱਚ ਇੱਕ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਮਿਲਣੀਆਂ ਦਾ ਮੁੱਖ ਮਕਸਦ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਸਿੱਧਾ ਪਹੁੰਚਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਹੈ। ਪੰਜਾਬ ਸਰਕਾਰ ਲੋਕਾਂ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਮਾਸਟਰ ਮਦਨ ਲਾਲ, ਭਗਤ ਪੰਡੋਰੀ ਲਾਲ, ਮੱਖਣ ਲਾਲ ਮੂਡਨ, ਰੌਸ਼ਨ ਲਾਲ, ਸੀਤਾ ਰਾਮ ਭੁੰਬਲਾ, ਪ੍ਰੇਮ ਚੰਦ, ਹੁਸਨ ਲਾਲ, ਕਮਲਜੀਤ, ਸੋਹਣ ਲਾਲ, ਚਮਨ ਲਾਲ, ਪੋਲਾ ਬੀ.ਐੱਸ.ਐੱਫ, ਮਨੋਹਰ ਪੰਚ, ਬਲਵੀਰ ਕੁਮਾਰ, ਉਮੀ ਚੰਦ, ਰਾਕੇਸ਼ ਕੁਮਾਰ, ਸ਼ਿਵ ਕੁਮਾਰ ਭੂੰਬਲਾ, ਬਾਲ ਕ੍ਰਿਸ਼ਨ ਗੋਪੀ ਅਤੇ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


Leave a Reply

Your email address will not be published. Required fields are marked *