ਬਲਾਚੌਰ ਦੇ ਭੱਦੀ ਰੋਡ ‘ਤੇ ਕਰਿਆਨੇ ਦੀ ਦੁਕਾਨ ‘ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ


ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ) : 

ਬਲਾਚੌਰ ਦੇ ਭੱਦੀ ਰੋਡ ‘ਤੇ ਅੱਜ ਦੁਪਹਿਰ ਸਮੇਂ ਇੱਕ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਵੇਲੇ ਵਾਪਰੀ ਜਦੋਂ ਭੱਦੀ ਰੋਡ ਸਥਿਤ ਇੱਕ ਕਰਿਆਨੇ ਦੀ ਦੁਕਾਨ ਵਿੱਚ ਅੱਗ ਲੱਗ ਗਈ। ਦੁਕਾਨ ਵਿੱਚ ਕਰਿਆਨੇ ਦੇ ਸਮਾਨ ਦੇ ਨਾਲ ਹੋਰ ਵੀ ਸਮਾਨ ਪਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੁਕਾਨ ਦੀ ਛੱਤ ਵੀ ਹੇਠਾਂ ਡਿੱਗ ਗਈ।

ਮੌਜੂਦਾ ਦੁਕਾਨਦਾਰਾਂ ਅਤੇ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਸੀ, ਪਰ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ 45 ਮਿੰਟ ਬਾਅਦ ਪਹੁੰਚੀ। ਉਦੋਂ ਤੱਕ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਆਸ-ਪਾਸ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ‘ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਾਫੀ ਹੱਦ ਤੱਕ ਕਾਬੂ ਵੀ ਪਾ ਲਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਨਾਲ ਲੱਗਦੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਬਾਹਰ ਕੱਢਿਆ ਗਿਆ।

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਮੌਕੇ ‘ਤੇ ਪਹੁੰਚੇ। ਉਹਨਾਂ ਕਿਹਾ ਕਿ ਨਵਾਂਸ਼ਹਿਰ ਤੋਂ ਫਾਇਰ ਬ੍ਰਿਗੇਡ ਆਉਣ ਕਾਰਨ ਥੋੜ੍ਹੀ ਦੇਰੀ ਹੋਈ ਹੈ ਅਤੇ ਦੁਕਾਨਦਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।


Leave a Reply

Your email address will not be published. Required fields are marked *