ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਮੌਕੇ ਭਗਤੀ ਦੇ ਰੰਗ ’ਚ ਰੰਗਿਆ ਕਾਠਗੜ੍ਹ; ਅੱਧੀ ਰਾਤ ‘ਨੰਦ ਘਰ ਆਨੰਦ ਭਇਓ’ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ


– ‘ਛੋਟੀ ਛੋਟੀ ਗਈਆਂ, ਛੋਟੇ ਛੋਟੇ ਗਵਾਲ—ਛੋਟੋ ਸੋ ਮੇਰੋ ਮਦਨ ਗੋਪਾਲ’ ਭਜਨ ’ਤੇ ਝੂਮ ਉਠੀ ਸੰਗਤ

ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ) :

ਕਾਠਗੜ੍ਹ ਦੀ ਸੰਘਣੀ ਆਬਾਦੀ ਵਿਖੇ ਸਥਿਤ ਭਗਵਾਨ ਸ਼੍ਰੀ ਕ੍ਰਿਸ਼ਨ ਰਾਧਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਪਵਿੱਤਰ ਜਨਮ ਅਸ਼ਟਮੀ ਤਿਉਹਾਰ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ, ਜਦਕਿ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਸਮਾਗਮ ਦੀ ਸ਼ੁਰੂਆਤ ਸਵੇਰੇ ਪ੍ਰਭਾਤ ਫੇਰੀ ਨਾਲ ਹੋਈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਗੁਣਗਾਨ ਕਰਦੀ ਪ੍ਰਭਾਤ ਫੇਰੀ ਜਦੋਂ ਪਿੰਡ ਦੀਆਂ ਗਲੀਆਂ ਵਿੱਚੋਂ ਲੰਘੀ ਤਾਂ ਪਿੰਡ ਵਾਸੀਆਂ ਵੱਲੋਂ ਥਾਂ-ਥਾਂ ’ਤੇ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਗਤ ਲਈ ਜਲਬਾਣ ਦੀ ਵਿਵਸਥਾ ਵੀ ਕੀਤੀ ਗਈ। ਸਵੇਰ ਤੋਂ ਹੀ ਪੂਰੇ ਇਲਾਕੇ ਵਿੱਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।

ਰਾਤ ਸਮੇਂ ਮੰਦਰ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ, ਜਿਸ ਵਿੱਚ ਬੀ.ਐਸ. ਧਿਮਾਨ ਐਂਡ ਪਾਰਟੀ, ਰੋਪੜ੍ਹ ਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਨਾਲ ਭਰਪੂਰ ਭਜਨ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ। ਕਲਾਕਾਰਾਂ ਵੱਲੋਂ ਗਾਏ ਭਜਨ ‘ਛੋਟੀ ਛੋਟੀ ਗਈਆਂ, ਛੋਟੇ ਛੋਟੇ ਗਵਾਲ, ਛੋਟੋ ਸੋ ਮੇਰੋ ਮਦਨ ਗੋਪਾਲ’ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਪੂਰਾ ਪੰਡਾਲ ਭਗਤੀ ਦੇ ਰੰਗ ਵਿੱਚ ਝੂਮ ਉਠਿਆ ਅਤੇ ਸੰਗਤ ਨੇ ਤਾੜੀਆਂ ਤੇ ਜੈਕਾਰਿਆਂ ਨਾਲ ਭਜਨ ਸੰਧਿਆ ਦਾ ਆਨੰਦ ਮਾਣਿਆ।

ਜਿਵੇਂ ਹੀ ਘੜੀ ਦੀਆਂ ਸੂਈਆਂ ਨੇ ਰਾਤ 12 ਵਜੇ ਦਾ ਸਮਾਂ ਕੀਤਾ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੰਦਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ‘ਨੰਦ ਘਰ ਆਨੰਦ ਭਇਓ, ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਪੂਰਾ ਮੰਦਰ ਗੂੰਜ ਉਠਿਆ। ਇਸ ਮੌਕੇ ਭਜਨ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮਥੁਰਾ ਵਿੱਚ ਅਵਤਾਰ ਧਾਰਨ ਦਾ ਪ੍ਰਸੰਗ ਪੇਸ਼ ਕੀਤਾ ਗਿਆ। ਮਹਿਲਾਵਾਂ ਨੇ ਭਗਤੀ ਦੇ ਰੰਗ ਵਿੱਚ ਰੰਗ ਕੇ ਖੂਬ ਨੱਚਦਿਆਂ ਜਨਮ ਉਤਸਵ ਦੀਆਂ ਖੁਸ਼ੀਆਂ ਮਨਾਈਆਂ।

ਜਨਮ ਅਸ਼ਟਮੀ ਦੇ ਇਸ ਪਵਿੱਤਰ ਮੌਕੇ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ ਗਈ। ਆਤਿਸ਼ਬਾਜ਼ੀ ਨਾਲ ਆਸਮਾਨ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਉਠਿਆ ਅਤੇ ਮੰਦਰ ਦਾ ਸਾਰਾ ਵਾਤਾਵਰਨ ਹੋਰ ਵੀ ਖੁਸ਼ਨੁਮਾ ਬਣ ਗਿਆ। ਇਸ ਮੌਕੇ ਸੰਗਤ ਵਿੱਚ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਟਿੱਕੀਆਂ ਦਾ ਲੰਗਰ ਵੀ ਲਗਾਇਆ ਗਿਆ।

ਸਮਾਗਮ ਦੌਰਾਨ ਸੰਗਤ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਨਾਲ ਜੁੜੇ ਭਜਨਾਂ ਦਾ ਆਨੰਦ ਮਾਣਿਆ ਅਤੇ ਪਰਿਵਾਰਾਂ ਸਮੇਤ ਮੰਦਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੇਰ ਰਾਤ ਤੱਕ ਮੰਦਰ ਵਿੱਚ ਭਗਤੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।

ਰਾਤ ਕਰੀਬ 1 ਵਜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਆਰਤੀ ਨਾਲ ਸਮਾਗਮ ਦੀ ਸਮਾਪਤੀ ਹੋਈ। ਇਸ ਉਪਰੰਤ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਨਾਲ ਸੇਵਾਵਾਂ ਨਿਭਾਈਆਂ ਗਈਆਂ।

ਇਸ ਮੌਕੇ ਸ਼ਸ਼ੀ ਪਾਲ ਵਰਮਾ, ਤੇਜਪਾਲ ਵਰਮਾ, ਚੰਦਰਸ਼ੇਖਰ ਗੌਤਮ, ਵਿਨੈ ਗੌਤਮ, ਨਵੀਨ ਗੌਤਮ, ਪ੍ਰਿੰਸ ਜੋਸ਼ੀ, ਜੀਵਨਪਾਲ ਜੋਸ਼ੀ, ਸਨੀ, ਕਮਲ ਅਨੰਦ, ਸੋਨੂ ਅਨੰਦ, ਹਿਤੇਸ਼ ਵਰਮਾ, ਕੌਸ਼ਲ, ਕੇਸ਼ਵ ਅਨੰਦ, ਵਿਸ਼ਾਲ ਅਨੰਦ, ਰਾਜੂ, ਗੋਬਿੰਦ ਸ਼ਰਮਾ, ਅੰਕਿਤ ਵਰਮਾ, ਰਾਮ ਕੁਮਾਰ ਸ਼ਰਮਾ, ਮਨੋਜ ਕੁਮਾਰ, ਮੋਹਨਦਾਸ ਅਤੇ ਸੋਨੂ ਅਨੰਦ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਭਜਨ ਸੰਧਿਆ ਨੂੰ ਆਪਣੀਆਂ ਸੁਰੀਲੀਆਂ ਪੇਸ਼ਕਾਰੀਆਂ ਨਾਲ ਯਾਦਗਾਰ ਬਣਾਉਣ ਵਾਲੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।


Leave a Reply

Your email address will not be published. Required fields are marked *