– ਫਲਾਈ ਓਵਰ ਨਾ ਬਣਨ ਕਾਰਨ 100 ਪਿੰਡਾਂ ਦੇ ਲੋਕਾਂ ਨਾਲ ਘੋਰ ਬੇਇਨਸਾਫੀ – ਸੇਠੀ ਥੋਪੀਆ
ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰਪਾਲ ਸਿੰਘ ਕਲੇਰ):
ਕਾਠਗੜ੍ਹ ਮੋੜ ‘ਤੇ ਨੈਸ਼ਨਲ ਹਾਈਵੇ ਨੂੰ ਪਾਰ ਕਰਕੇ ਦੂਜੇ ਪਾਸੇ ਜਾਣਾ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਰੋਜ਼ਾਨਾ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕ ਪਾਰ ਕਰਨੀ ਪੈਂਦੀ ਹੈ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਖਾਸ ਤੌਰ ‘ਤੇ ਬਜ਼ੁਰਗਾਂ, ਔਰਤਾਂ ਅਤੇ ਸਕੂਲੀ ਬੱਚਿਆਂ ਲਈ ਤੇਜ਼ ਰਫਤਾਰ ਨੈਸ਼ਨਲ ਹਾਈਵੇ ਨੂੰ ਪਾਰ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਇਸ ਗੰਭੀਰ ਸਮੱਸਿਆ ਵੱਲ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸੇ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਕੋਆਰਡੀਨੇਟਰ ਸੇਠੀ ਸਰਪੰਚ ਥੋਪੀਆ ਨੇ ਆਪਣੀ ਸਮੁੱਚੀ ਟੀਮ ਨਾਲ ਕਾਠਗੜ੍ਹ ਮੋੜ ਬੱਸ ਸਟੈਂਡ ਦੇ ਨੇੜੇ ਪਹੁੰਚ ਕੇ ਇਸ ਸਮੱਸਿਆ ਦਾ ਸਖਤ ਨੋਟਿਸ ਲਿਆ। ਉਹਨਾਂ ਮੌਕੇ ‘ਤੇ ਖੜ੍ਹੇ ਹੋ ਕੇ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੂੰ ਜੰਮ ਕੇ ਘੇਰਿਆ।
ਸੇਠੀ ਥੋਪੀਆ ਨੇ ਕਿਹਾ ਕਿ ਕਾਠਗੜ੍ਹ ਮੋੜ ਬੱਸ ਸਟੈਂਡ ਤੋਂ ਰੋਜ਼ਾਨਾ ਸੈਂਕੜੇ ਕਰਮਚਾਰੀ ਜੋ ਪੰਜਾਬ ਸਰਕਾਰ ਦੇ ਵੱਖ-ਵੱਖ ਦਫਤਰਾਂ ਵਿੱਚ ਨਵਾਂਸ਼ਹਿਰ, ਚੰਡੀਗੜ੍ਹ, ਮੁਹਾਲੀ ਆਦਿ ਥਾਵਾਂ ‘ਤੇ ਕੰਮ ਕਰਨ ਜਾਂਦੇ ਹਨ, ਉਹਨਾਂ ਨੂੰ ਸੜਕ ਦੇ ਆਰ-ਪਾਰ ਜਾਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇੱਥੇ ਫਲਾਈ ਓਵਰ ਨਾ ਬਣਨਾ ਸਿੱਧੇ ਤੌਰ ‘ਤੇ ਇੱਥੋਂ ਦੇ 100 ਪਿੰਡਾਂ ਦੇ ਲੋਕਾਂ ਨਾਲ ਘੋਰ ਬੇਇਨਸਾਫੀ ਹੈ। ਸਰਕਾਰ ਦਾ ਸਾਰਾ ਧਿਆਨ ਸਿਰਫ ਨੀਂਹ ਪੱਥਰ ਲਗਾਉਣ ਅਤੇ ਬੋਰਡ-ਬੈਨਰ ਲਗਾਉਣ ਵੱਲ ਹੈ, ਜਦੋਂ ਕਿ ਜਨਤਾ ਦੀ ਇਸ ਮੁੱਢਲੀ ਅਤੇ ਅਹਿਮ ਲੋੜ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸ ਮੁੱਦੇ ‘ਤੇ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਹਰ ਹੀਲਾ ਵਰਤੇਗਾ। ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ, ਹੁਣ ਚੁਟਕਲਿਆਂ ਨਾਲ ਕੰਮ ਨਹੀਂ ਚੱਲੇਗਾ, ਲੋਕ ਸਰਕਾਰ ਤੋਂ ਜਵਾਬ ਮੰਗਦੇ ਹਨ।
ਇਸ ਮੌਕੇ ਅਕਾਲੀ ਦਲ ਪੁਨਰ ਸੁਰਜੀਤ ਦੇ ਸਟੇਟ ਡੈਲੀਗੇਟ ਜਥੇਦਾਰ ਸੁਰਜੀਤ ਸਿੰਘ ਦੋਭਾਲੀ , ਠੇਕੇਦਾਰ ਗੁਰਚਰਨ ਉੱਦਲਣੀ ਸਿੰਘ ਸਟੇਟ ਡੈਲੀਗੇਟ, ਮੋਨੂ ਚੌਧਰੀ, ਕਾਲੂ ਥੋਪੀਆ, ਸੋਨੂ ਰੱਤੇਵਾਲ, ਰੋਹਿਤ ਬਜਾੜ, ਮੋਹਿਤ ਕੁਮਾਰ, ਜਗਜੀਤ ਸਿੰਘ ਭਰਥਲਾ, ਗੁਰਸੇਵਕ ਚੌਧਰੀ, ਪਰਨੀਤ ਕਸਾਨਾਂ , ਸਿੱਧੂ ਮਾਲੇਵਾਲ, ਆਰ. ਐਨ. ਕਸਾਨਾਂ , ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।













Leave a Reply