ਦੋ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਪੁਲ ਬਣਿਆ ‘ਮੁਸੀਬਤ ਦਾ ਪੁਲ’! ਅੱਧ-ਵਿਚਾਲੇ ਲਟਕੀ ਉਸਾਰੀ, ਪੁਰਾਣਾ ਰਸਤਾ ਵੀ ਬੰਦ


– ਲੰਬੇ ਸਮੇਂ ਤੋਂ ਇੱਕ ਪਿੱਲਰ ’ਤੇ ਅਟਕਿਆ ਨਿਰਮਾਣ; ਬਲਾਚੌਰ-ਰੋਪੜ੍ਹ ਆਵਾਜਾਈ ਪ੍ਰਭਾਵਿਤ, ਰਾਹਗੀਰਾਂ, ਟਰਾਂਸਪੋਰਟਰਾਂ ਤੇ ਸੰਗਤਾਂ ਦੀਆਂ ਮੁਸ਼ਕਲਾਂ ਵਧੀਆਂ 

– ⁠ਲੋਕਾਂ ਦੀ ਦੋ-ਟੁੱਕ ਮੰਗ, ਪੁਲ ਬਣਾਓ ਜਾਂ ਰਸਤਾ ਖੋਲ੍ਹੋ

ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ) :

ਬਲਾਚੌਰ ਨੂੰ ਰੋਪੜ੍ਹ ਜ਼ਿਲ੍ਹੇ ਨਾਲ ਸਿੱਧੇ ਤੌਰ ’ਤੇ ਜੋੜਨ ਵਾਲੇ ਮਹੱਤਵਪੂਰਨ ਸੰਪਰਕ ਮਾਰਗ ’ਤੇ ਬਿਸਤ ਦੁਆਬ ਨਹਿਰ ਉੱਪਰ ਬਣਾਇਆ ਜਾ ਰਿਹਾ ਨਵਾਂ ਪੁਲ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਲੋਕਾਂ ਲਈ ਸਹੂਲਤ ਦੀ ਬਜਾਏ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਨਵੇਂ ਪੁਲ ਦੀ ਉਸਾਰੀ ਸ਼ੁਰੂ ਕਰਦੇ ਸਮੇਂ ਪੁਰਾਣੇ ਰਸਤੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਪੁਲ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਬਲਾਚੌਰ ਅਤੇ ਰੋਪੜ੍ਹ ਦਰਮਿਆਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਹੁਣ ਵਾਧੂ ਦੂਰੀ ਤੈਅ ਕਰਕੇ ਘੁੰਮਾਧਾਰ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਦਾ ਸਮਾਂ ਅਤੇ ਈਂਧਨ ਦੋਵੇਂ ਬਰਬਾਦ ਹੋ ਰਹੇ ਹਨ ਅਤੇ ਇਸ ਮਹੱਤਵਪੂਰਨ ਰਸਤੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।

ਮੌਕੇ ’ਤੇ ਪੁਲ ਦੀ ਉਸਾਰੀ ਦੀ ਮੌਜੂਦਾ ਸਥਿਤੀ ਸਰਕਾਰੀ ਪ੍ਰਾਜੈਕਟਾਂ ਦੀ ਧੀਮੀ ਰਫ਼ਤਾਰ ਦੀ ਤਸਵੀਰ ਸਾਫ਼ ਤੌਰ ’ਤੇ ਪੇਸ਼ ਕਰਦੀ ਹੈ। ਪੁਲ ਦਾ ਇੱਕ ਮੁੱਖ ਪਿੱਲਰ ਤਿਆਰ ਹੋ ਚੁੱਕਾ ਹੈ, ਜਦਕਿ ਬਾਕੀ ਉਸਾਰੀ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ। ਉਸਾਰੀ ਵਾਲੀ ਥਾਂ ’ਤੇ ਜੇ.ਸੀ.ਬੀ. ਸਮੇਤ ਹੋਰ ਮਸ਼ੀਨਰੀ ਲੰਬੇ ਸਮੇਂ ਤੋਂ ਖੜ੍ਹੀ ਹੋਣ ਕਾਰਨ ਜੰਗਾਲ ਦੀ ਲਪੇਟ ਵਿੱਚ ਆ ਰਹੀ ਹੈ। ਪੁਲ ਦੀ ਉਸਾਰੀ ਲਈ ਮੌਕੇ ’ਤੇ ਪਿਆ ਲੋਹੇ ਦਾ ਸਰੀਆ ਅਤੇ ਹੋਰ ਨਿਰਮਾਣ ਸਮਾਨ ਵੀ ਮੌਸਮ ਦੀ ਮਾਰ ਸਹਿ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਨੂੰ ਇਸੇ ਤਰ੍ਹਾਂ ਲਟਕਾਇਆ ਜਾਂਦਾ ਰਿਹਾ ਤਾਂ ਹੁਣ ਤੱਕ ਹੋਇਆ ਨਿਰਮਾਣ ਅਤੇ ਮੌਕੇ ’ਤੇ ਪਿਆ ਸਮਾਨ ਵੀ ਖਰਾਬ ਹੋ ਸਕਦਾ ਹੈ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਦਾ ਖਦਸ਼ਾ ਵੀ ਬਣਿਆ ਹੋਇਆ ਹੈ।

ਦੱਸਿਆ ਜਾਂਦਾ ਹੈ ਕਿ ਪੁਰਾਣਾ ਪੁਲ ਤੰਗ ਹੋਣ ਦੇ ਨਾਲ-ਨਾਲ ਖਸਤਾ ਹਾਲਤ ਵਿੱਚ ਹੋਣ ਕਾਰਨ ਇਸ ਦੀ ਥਾਂ ਨਵਾਂ ਅਤੇ ਮਜ਼ਬੂਤ ਪੁਲ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ ਸੀ। ਬਿਸਤ ਦੁਆਬ ਨਹਿਰ ਉੱਪਰ ਬਣਾਇਆ ਜਾ ਰਿਹਾ ਇਹ ਪੁਲ ਨੂਰਪੁਰ ਬੇਦੀ, ਗੜ੍ਹਸ਼ੰਕਰ, ਬੁੰਗਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਬਲਾਚੌਰ ਅਤੇ ਰੋਪੜ੍ਹ ਸਮੇਤ ਕਈ ਮਹੱਤਵਪੂਰਨ ਖੇਤਰਾਂ ਨੂੰ ਜੋੜਨ ਵਾਲੇ ਰਸਤੇ ਦਾ ਅਹਿਮ ਹਿੱਸਾ ਹੈ। ਨਵਾਂ ਪੁਲ ਬਣਨ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਣੀ ਸੀ, ਸਗੋਂ ਬਲਾਚੌਰ ਤੋਂ ਰੋਪੜ੍ਹ ਅਤੇ ਹੋਰ ਇਲਾਕਿਆਂ ਵੱਲ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲਣੀ ਸੀ। ਪਰ ਉਸਾਰੀ ਅੱਧ ਵਿਚਕਾਰ ਰੁਕ ਜਾਣ ਕਾਰਨ ਲੋਕਾਂ ਦੀਆਂ ਉਮੀਦਾਂ ਹੁਣ ਨਿਰਾਸ਼ਾ ਵਿੱਚ ਬਦਲ ਰਹੀਆਂ ਹਨ।

ਪੁਰਾਣੇ ਰਸਤੇ ਨੂੰ ਮਿੱਟੀ, ਬਜਰੀ ਅਤੇ ਰੇਤੇ ਦੀਆਂ ਵੱਡੀਆਂ ਢਿਗਾਂ ਲਗਾ ਕੇ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਇਸ ਕਾਰਨ ਬਲਾਚੌਰ ਤੋਂ ਰੋਪੜ੍ਹ ਅਤੇ ਰੋਪੜ੍ਹ ਤੋਂ ਬਲਾਚੌਰ ਆਉਣ-ਜਾਣ ਵਾਲੇ ਲੋਕਾਂ ਨੂੰ ਕਈ ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈ ਰਿਹਾ ਹੈ। ਰੋਜ਼ਾਨਾ ਨੌਕਰੀ, ਕਾਰੋਬਾਰ ਅਤੇ ਹੋਰ ਕੰਮਾਂ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਹਰ ਰੋਜ਼ ਵਾਧੂ ਸਮਾਂ ਅਤੇ ਪੈਸਾ ਖਰਚਣਾ ਪੈ ਰਿਹਾ ਹੈ। ਸਵਰਾਜ ਮਾਜਦਾ ਫੈਕਟਰੀ ਅਤੇ ਆਸ-ਪਾਸ ਦੇ ਉਦਯੋਗਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਸਮੇਤ ਟਰਾਂਸਪੋਰਟਰਾਂ ਅਤੇ ਵਪਾਰੀਆਂ ’ਤੇ ਵੀ ਇਸ ਬੰਦ ਰਸਤੇ ਦਾ ਸਿੱਧਾ ਪ੍ਰਭਾਵ ਪੈ ਰਿਹਾ ਹੈ।

ਇਹ ਰਸਤਾ ਸਿਰਫ਼ ਆਮ ਆਵਾਜਾਈ ਲਈ ਹੀ ਮਹੱਤਵਪੂਰਨ ਨਹੀਂ, ਸਗੋਂ ਧਾਰਮਿਕ ਪੱਖੋਂ ਵੀ ਇਸ ਦੀ ਵਿਸ਼ੇਸ਼ ਮਹੱਤਤਾ ਹੈ। ਗੁਰਦੁਆਰਾ ਟਿੱਬੀ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਰਸਤਾ ਬੰਦ ਹੋਣ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਵੀ ਘੁੰਮ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖ਼ਾਸ ਤੌਰ ’ਤੇ ਬਜ਼ੁਰਗ ਸ਼ਰਧਾਲੂਆਂ ਲਈ ਇਹ ਰਸਤਾ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਇਸੇ ਤਰ੍ਹਾਂ ਨੇੜੇ ਸਥਿਤ ਪੁਰਾਤਨ ਸ਼ਿਵ ਮੰਦਰ ਵਿਖੇ ਜਾਣ ਵਾਲੇ ਸ਼ਰਧਾਲੂ ਵੀ ਪ੍ਰਭਾਵਿਤ ਹੋ ਰਹੇ ਹਨ। ਸਤਲੁਜ ਦਰਿਆ ਦੇ ਪਾਰ ਆਂਸਰੋਂ ਖੇਤਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਨਾਲ ਵੀ ਇਸ ਰਸਤੇ ਦਾ ਸੰਪਰਕ ਜੁੜਿਆ ਹੋਇਆ ਹੈ ਅਤੇ ਬਲਾਚੌਰ ਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਜਾਂਦੀ ਹੈ।

ਉਸਾਰੀ ਵਾਲੀ ਥਾਂ ’ਤੇ ਰਸਤਾ ਬੰਦ ਕਰਨ ਲਈ ਪਾਈਆਂ ਗਈਆਂ ਰੇਤੇ ਅਤੇ ਬਜਰੀ ਦੀਆਂ ਢਿਗਾਂ ਵੀ ਲੋਕਾਂ ਲਈ ਖ਼ਤਰੇ ਦਾ ਕਾਰਨ ਬਣੀਆਂ ਹੋਈਆਂ ਹਨ। ਕਈ ਦੋਪਹੀਆ ਵਾਹਨ ਚਾਲਕ ਮਜਬੂਰੀ ਵਿੱਚ ਇਨ੍ਹਾਂ ਢਿਗਾਂ ਦੇ ਨੇੜਿਓਂ ਜਾਂ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਅਨੁਸਾਰ ਅਸਮਾਨ ਅਤੇ ਖ਼ਤਰਨਾਕ ਰਸਤੇ ਕਾਰਨ ਰਾਹਗੀਰਾਂ ਨੂੰ ਕਈ ਵਾਰ ਸੱਟਾਂ ਵੀ ਲੱਗ ਚੁੱਕੀਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਪੁਲ ਦੀ ਉਸਾਰੀ ਪੂਰੀ ਨਹੀਂ ਹੁੰਦੀ, ਉਦੋਂ ਤੱਕ ਘੱਟੋ-ਘੱਟ ਸੁਰੱਖਿਅਤ ਵਿਕਲਪਕ ਰਸਤਾ ਮੁਹੱਈਆ ਕਰਵਾਇਆ ਜਾਵੇ।

– ‘ਪੁਲ ਜਲਦ ਬਣਾਓ, ਨਹੀਂ ਤਾਂ ਸੰਘਰਸ਼ ਕਰਾਂਗੇ’—ਅਜੇ ਮੰਗੂਪੁਰ

ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਪੁਲ ਦਾ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਸਿਰਫ਼ ਇੱਕ ਪਿੱਲਰ ਹੀ ਤਿਆਰ ਹੋ ਸਕਿਆ ਹੈ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਬਲਾਚੌਰ ਅਤੇ ਰੋਪੜ੍ਹ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਆਪਣੇ ਕੰਮ-ਕਾਰ ਲਈ ਬਹੁਤ ਦੂਰ ਦਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਪੁਲ ਦੀ ਉਸਾਰੀ ਜਲਦ ਸ਼ੁਰੂ ਕਰਕੇ ਮੁਕੰਮਲ ਨਾ ਕੀਤੀ ਗਈ ਤਾਂ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਰੋਪੜ੍ਹ ਪ੍ਰਸ਼ਾਸਨ ਦੀ ਹੋਵੇਗੀ।

– ਅਧੂਰੇ ਪੁਲ ਕਾਰਨ ਬਜ਼ੁਰਗ ਸੰਗਤ ਸਭ ਤੋਂ ਵੱਧ ਪਰੇਸ਼ਾਨ—ਗੁਰਪ੍ਰੀਤ ਗੁੱਜਰ ਰੈਲਮਾਜਰਾ 

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਪੂਰੇ ਇਲਾਕੇ ਨੂੰ ਵੱਡਾ ਫਾਇਦਾ ਹੋਣਾ ਸੀ, ਪਰ ਪੁਲ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ’ਤੇ ਜਾਣ ਵਾਲੀ ਸੰਗਤ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਬਜ਼ੁਰਗ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ ਅਤੇ ਰਸਤਾ ਖ਼ਰਾਬ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਪੁਲ ਦੀ ਉਸਾਰੀ ਤੁਰੰਤ ਪੂਰੀ ਨਹੀਂ ਹੋ ਸਕਦੀ ਤਾਂ ਘੱਟੋ-ਘੱਟ ਨੈਸ਼ਨਲ ਹਾਈਵੇ ਨਾਲ ਜੁੜੇ ਇਸ ਮਹੱਤਵਪੂਰਨ ਰਸਤੇ ’ਤੇ ਪਈ ਮਿੱਟੀ, ਬਜਰੀ ਅਤੇ ਰੇਤਾ ਸਾਈਡ ’ਤੇ ਕਰਵਾ ਕੇ ਲੋਕਾਂ ਦੇ ਲਾਂਘੇ ਲਈ ਰਸਤਾ ਜਲਦ ਖੋਲ੍ਹਿਆ ਜਾਵੇ।

– ਵਿਧਾਇਕ ਦਿਨੇਸ਼ ਚੱਢਾ ਨਾਲ ਗੱਲ ਕਰਕੇ ਕੰਮ ਚਾਲੂ ਕਰਵਾਉਣ ਦਾ ਭਰੋਸਾ—ਸੰਤੋਸ਼ ਕਟਾਰੀਆ

ਇਸ ਮਾਮਲੇ ਸਬੰਧੀ ਹਲਕਾ ਇੰਚਾਰਜ ਸੰਤੋਸ਼ ਕਟਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਰੋਪੜ੍ਹ ਦੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨਾਲ ਗੱਲਬਾਤ ਕਰਕੇ ਪੁਲ ਦਾ ਰੁਕਿਆ ਹੋਇਆ ਕੰਮ ਮੁੜ ਸ਼ੁਰੂ ਕਰਵਾਉਣ ਅਤੇ ਬਾਕੀ ਰਹਿੰਦੀ ਉਸਾਰੀ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਲਈ ਯਤਨ ਕਰਨਗੇ, ਤਾਂ ਜੋ ਇਹ ਪੁਲ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦਿਆਂ ਇਸ ਮਾਮਲੇ ਦਾ ਜਲਦ ਹੱਲ ਹੋਣਾ ਬਹੁਤ ਜ਼ਰੂਰੀ ਹੈ।

– ਲੋਕਾਂ ਦੀ ਦੋ-ਟੁੱਕ ਮੰਗ—ਪੁਲ ਬਣਾਓ ਜਾਂ ਬੰਦ ਰਸਤਾ ਖੋਲ੍ਹੋ

ਇਲਾਕਾ ਵਾਸੀਆਂ, ਰਾਹਗੀਰਾਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਸੰਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੇਂ ਪੁਲ ਤੋਂ ਵੱਡੀਆਂ ਉਮੀਦਾਂ ਸਨ, ਪਰ ਲੰਬੇ ਸਮੇਂ ਤੋਂ ਅਧੂਰਾ ਪਿਆ ਨਿਰਮਾਣ ਹੁਣ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ। ਲੋਕਾਂ ਨੇ ਪੰਜਾਬ ਸਰਕਾਰ, ਰੋਪੜ੍ਹ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਦੋ-ਟੁੱਕ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਮੁੜ ਸ਼ੁਰੂ ਕਰਵਾ ਕੇ ਇਸ ਨੂੰ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਜੇਕਰ ਕਿਸੇ ਕਾਰਨ ਕਰਕੇ ਪੁਲ ਦੀ ਉਸਾਰੀ ਤੁਰੰਤ ਪੂਰੀ ਕਰਨੀ ਸੰਭਵ ਨਹੀਂ ਤਾਂ ਘੱਟੋ-ਘੱਟ ਪੁਰਾਣਾ ਰਸਤਾ ਜਾਂ ਕੋਈ ਸੁਰੱਖਿਅਤ ਵਿਕਲਪਕ ਰਸਤਾ ਆਮ ਆਵਾਜਾਈ ਲਈ ਖੋਲ੍ਹਿਆ ਜਾਵੇ।

ਲੋਕਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਪੁਲ ਨਹੀਂ, ਬਲਕਿ ਦੋ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜਨ ਵਾਲੀ ਮਹੱਤਵਪੂਰਨ ਜੀਵਨ-ਰੇਖਾ ਹੈ। ਇਸ ਰਸਤੇ ਦੇ ਸੁਚਾਰੂ ਹੋਣ ਨਾਲ ਆਮ ਲੋਕਾਂ, ਉਦਯੋਗਿਕ ਖੇਤਰਾਂ ਵਿੱਚ ਜਾਣ ਵਾਲੇ ਮੁਲਾਜ਼ਮਾਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਧਾਰਮਿਕ ਸਥਾਨਾਂ ’ਤੇ ਜਾਣ ਵਾਲੀ ਸੰਗਤ ਨੂੰ ਵੱਡੀ ਰਾਹਤ ਮਿਲੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀਆਂ ਲਗਾਤਾਰ ਵੱਧ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਇਸ ਅਧੂਰੇ ਪੁਲ ਦੀ ਉਸਾਰੀ ਕਦੋਂ ਮੁੜ ਸ਼ੁਰੂ ਕਰਵਾਉਂਦੇ ਹਨ ਅਤੇ ਲੋਕਾਂ ਨੂੰ ਇਸ ‘ਮੁਸੀਬਤ ਦੇ ਪੁਲ’ ਤੋਂ ਕਦੋਂ ਨਿਜਾਤ ਮਿਲਦੀ ਹੈ।


Leave a Reply

Your email address will not be published. Required fields are marked *