ਨੌਜਵਾਨ ਅਕਾਲੀ ਆਗੂ ਰਮਨ ਨੰਦ ਲਾਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ, ਹਲਕਾ ਬਲਾਚੌਰ ਦੇ ਹਾਲਾਤਾਂ ‘ਤੇ ਹੋਈ ਅਹਿਮ ਚਰਚਾ 

ਬਲਾਚੌਰ, 27 ਅਗਸਤ (ਜਤਿੰਦਰਪਾਲ ਸਿੰਘ ਕਲੇਰ):

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਿਛਲੇ ਦਿਨੀਂ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਸੀ। ਇਸੇ ਸਬੰਧ ਵਿੱਚ ਹਲਕਾ ਬਲਾਚੌਰ ਦੇ ਨੌਜਵਾਨ ਅਕਾਲੀ ਆਗੂ ਚੌਧਰੀ ਰਮਨ ਨੰਦ ਲਾਲ ਪੋਤਰਾ ਸਾਬਕਾ ਵਿਧਾਇਕ ਸਵਰਗਵਾਸੀ ਚੌਧਰੀ ਨੰਦ ਲਾਲ ਸੰਸਦੀ ਸਕੱਤਰ ਪੰਜਾਬ ਸਰਕਾਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਜਾ ਕੇ ਵਿਸ਼ੇਸ਼ ਮੁਲਾਕਾਤ ਕੀਤੀ ਗਈ।

ਮੁਲਾਕਾਤ ਦੌਰਾਨ ਨੌਜਵਾਨ ਆਗੂ ਰਮਨ ਨੰਦ ਲਾਲ ਵੱਲੋਂ ਸਰਦਾਰ ਬਾਦਲ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਤੇ ਹੋਇਆ ਹਮਲਾ ਪੂਰੇ ਅਕਾਲੀ ਪਰਿਵਾਰ ਤੇ ਹਮਲਾ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।

ਇਸ ਮੁਲਾਕਾਤ ਦੌਰਾਨ ਸਿਰਫ ਸਿਹਤ ਦਾ ਹਾਲ-ਚਾਲ ਹੀ ਨਹੀਂ ਸਗੋਂ ਸਿਆਸੀ ਪੱਖ ਤੋਂ ਵੀ ਅਹਿਮ ਵਿਚਾਰ-ਵਟਾਂਦਰਾ ਹੋਇਆ। ਚੌਧਰੀ ਰਮਨ ਨੰਦ ਲਾਲ ਵੱਲੋਂ ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਪਾਰਟੀ ਦੇ ਮੌਜੂਦਾ ਹਾਲਾਤਾਂ ਸਬੰਧੀ ਪਾਰਟੀ ਪ੍ਰਧਾਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਪਾਰਟੀ ਨੂੰ ਕਿਸ ਤਰ੍ਹਾਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਵਰਕਰਾਂ ਵਿੱਚ ਕੀ ਭਾਵਨਾਵਾਂ ਹਨ, ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ।

ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਮਨ ਨੰਦ ਲਾਲ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਵਰਕਰ ਪਿੰਡ-ਪਿੰਡ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਵੇ ਅਤੇ ਲੋਕਾਂ ਨੂੰ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਵੇ।

ਇਸ ਮੌਕੇ ਰਮਨ ਨੰਦ ਲਾਲ ਨੇ ਪਾਰਟੀ ਪ੍ਰਧਾਨ ਨੂੰ ਪੂਰਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਦਾਦਾ ਜੀ ਸਵਰਗਵਾਸੀ ਚੌਧਰੀ ਨੰਦ ਲਾਲ ਜੀ ਆਪਣੀ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੇ ਸਨ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਸਨ, ਉਸੇ ਤਰ੍ਹਾਂ ਮੈਂ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰਦਾ ਰਹਾਂਗਾ ਅਤੇ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਕਰਾਂਗਾ। ਉਨ੍ਹਾਂ ਕਿਹਾ ਕਿ ਉਹ ਬਲਾਚੌਰ ਹਲਕੇ ਵਿੱਚ ਪਾਰਟੀ ਨੂੰ ਮੁੜ ਪਹਿਲੇ ਵਾਂਗ ਬੁਲੰਦੀਆਂ ਤੇ ਲੈ ਕੇ ਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

Leave a Reply

Your email address will not be published. Required fields are marked *