ਬਲਾਚੌਰ-ਪੋਜੇਵਾਲ ਸੜਕ ਦਾ ਨਿਰਮਾਣ ਕਾਰਜ ਬਣਿਆ ਲੋਕਾਂ ਲਈ ਸਿਰ ਦਰਦ, ਮਹੀਨਿਆਂ ਤੋਂ ਅਧੂਰਾ ਪਿਆ ਕੰਮ – ਜਲਦ ਮੁਕੰਮਲ ਕਰਨ ਦੀ ਮੰਗ

ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ):

ਬਲਾਚੌਰ ਤੋਂ ਪੋਜੇਵਾਲ ਨੂੰ ਜਾਣ ਵਾਲੀ ਮੁੱਖ ਸੜਕ ਦਾ ਨਿਰਮਾਣ ਕਾਰਜ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੱਛੂਆਂ ਦੀ ਚਾਲ ਚੱਲ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦਾ ਕੰਮ ਅੱਧ ਵਿਚਕਾਰੇ ਲਟਕਣ ਕਾਰਨ ਲੋਕਾਂ ਵਿੱਚ ਸਰਕਾਰ ਅਤੇ ਸਬੰਧਤ ਵਿਭਾਗ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਵਿਜੇ ਭਾਟੀਆ ਸੰਡਰੇਵਾਲ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਇਸ ਸਮੇਂ ਬੇਹੱਦ ਖਸਤਾ ਹੋ ਚੁੱਕੀ ਹੈ। ਕਈ ਥਾਵਾਂ ਤੇ ਠੇਕੇਦਾਰ ਵੱਲੋਂ ਸੜਕ ਨੂੰ ਪੁੱਟ ਕੇ ਬੰਦ ਕੀਤਾ ਹੋਇਆ ਹੈ ਤੇ ਕਈ ਥਾਵਾਂ ਤੇ ਵੱਡੇ-ਵੱਡੇ ਖਤਰਨਾਕ ਟੋਏ ਪੁੱਟੇ ਹੋਏ ਹਨ, ਜਿਸ ਕਾਰਨ ਹਾਦਸਿਆਂ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਜਗ੍ਹਾ ਸੜਕ ਦੀ ਇੱਕ ਸਾਈਡ ਤੇ ਸੀਮਿੰਟ ਦੀਆਂ ਸਲੈਬਾਂ ਪਾ ਦਿੱਤੀਆਂ ਗਈਆਂ ਹਨ ਅਤੇ ਦੂਜੀ ਸਾਈਡ ਤੋਂ ਹੀ ਦੋਵੇਂ ਪਾਸਿਆਂ ਦੀ ਆਵਾਜਾਈ ਜ਼ਬਰਦਸਤੀ ਚਲਾਈ ਜਾ ਰਹੀ ਹੈ। ਇਸ ਨਾਲ ਸੜਕ ਬਹੁਤ ਹੀ ਤੰਗ ਹੋ ਜਾਂਦੀ ਹੈ ਅਤੇ ਦੋ ਵਾਹਨਾਂ ਦੇ ਇੱਕੋ ਸਮੇਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਸਵੇਰੇ-ਸ਼ਾਮ ਦਫਤਰਾਂ ਅਤੇ ਸਕੂਲਾਂ ਦੇ ਸਮੇਂ ਤਾਂ ਇੱਥੇ ਲੰਬਾ ਜਾਮ ਲੱਗ ਜਾਂਦਾ ਹੈ ਅਤੇ ਲੋਕ ਘੰਟਿਆਂਬੱਧੀ ਫਸੇ ਰਹਿੰਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਿਰਫ ਬਲਾਚੌਰ-ਪੋਜੇਵਾਲ ਸੜਕ ਹੀ ਨਹੀਂ, ਸਗੋਂ ਸੰਡਰੇਵਾਲ ਤੋਂ ਮੁੱਖੂਪੁਰ, ਟੱਪਰੀਆਂ ਖੁਰਦ ਤੋਂ ਮੁੱਖੂਪੁਰ ਅਤੇ ਇਲਾਕੇ ਦੀਆਂ ਹੋਰ ਕਈ ਲਿੰਕ ਸੜਕਾਂ ਦਾ ਹਾਲ ਵੀ ਇਸੇ ਤਰ੍ਹਾਂ ਦਾ ਹੈ। ਇਨ੍ਹਾਂ ਸਾਰੀਆਂ ਸੜਕਾਂ ਦੇ ਕੰਮ ਵੀ ਮਹੀਨਿਆਂ ਤੋਂ ਅਧੂਰੇ ਪਏ ਹਨ ਅਤੇ ਸਲੈਬਾਂ ਪਾਉਣ ਦਾ ਕੰਮ ਅੱਧ ਵਿਚਕਾਰੇ ਛੱਡਿਆ ਹੋਇਆ ਹੈ। ਇਸ ਦੇਰੀ ਦਾ ਸਭ ਤੋਂ ਵੱਧ ਖਮਿਆਜ਼ਾ ਆਮ ਲੋਕਾਂ, ਸਕੂਲੀ ਬੱਚਿਆਂ, ਦੁਕਾਨਦਾਰਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਬੰਦ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਸਭ ਤੋਂ ਵੱਡੀ ਮੁਸੀਬਤ ਬਰਸਾਤ ਦੇ ਮੌਸਮ ਵਿੱਚ ਆਉਂਦੀ ਹੈ ਜਦੋਂ ਅਧੂਰੀਆਂ ਪੁੱਟੀਆਂ ਹੋਈਆਂ ਸੜਕਾਂ ਤੇ ਪਾਣੀ ਭਰ ਜਾਂਦਾ ਹੈ ਅਤੇ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਇਸ ਨਾਲ ਫਿਸਲਣ ਕਾਰਨ ਦੋ-ਪਹੀਆ ਵਾਹਨ ਚਾਲਕਾਂ ਦੇ ਡਿੱਗ ਕੇ ਜ਼ਖਮੀ ਹੋਣ ਦੀਆਂ ਘਟਨਾਵਾਂ ਵੀ ਵੱਧ ਜਾਂਦੀਆਂ ਹਨ। ਰਾਤ ਦੇ ਸਮੇਂ ਤਾਂ ਇਸ ਸੜਕ ਤੇ ਸਫਰ ਕਰਨਾ ਹੋਰ ਵੀ ਜੋਖਮ ਭਰਿਆ ਹੋ ਜਾਂਦਾ ਹੈ ਕਿਉਂਕਿ ਕਿਤੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।

ਇਸ ਮੌਕੇ ਵਿਜੇ ਭਾਟੀਆ ਸੰਡਰੇਵਾਲ ਸਮੇਤ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਲਾਚੌਰ-ਪੋਜੇਵਾਲ ਮੁੱਖ ਸੜਕ ਸਮੇਤ ਇਲਾਕੇ ਦੀਆਂ ਸਾਰੀਆਂ ਅਧੂਰੀਆਂ ਸੜਕਾਂ ਦੇ ਨਿਰਮਾਣ ਕਾਰਜ ਨੂੰ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਉਣ-ਜਾਣ ਲਈ ਇੱਕ ਸੁਚਾਰੂ ਅਤੇ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਬਲਾਚੌਰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਲਾਕਾ ਵਾਸੀਆਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਵੇਗਾ ਅਤੇ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਰਾਹਤ ਦਵਾਏਗਾ।

Leave a Reply

Your email address will not be published. Required fields are marked *