1 ਸਤੰਬਰ ਨੂੰ ਟੋਲ ਪਲਾਜ਼ਾ ਜੀਉਵਾਲ ਬੱਛੂਆਂ ਤੋਂ ਸਵੇਰੇ 9 ਵਜੇ ਚੰਡੀਗੜ੍ਹ ਲਈ ਰਵਾਨਾ ਹੋਵੇਗਾ ਕਿਸਾਨਾਂ ਦਾ ਕਾਫਲਾ – ਕੁਲਵਿੰਦਰ ਸਰਪੰਚ ਪਰਾਗਪੁਰ
ਬਲਾਚੌਰ , (ਜਤਿੰਦਰ ਪਾਲ ਸਿੰਘ ਕਲੇਰ ) :
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਟੋਲ ਪਲਾਜ਼ਾ ਬੱਛੂਆਂ ਵਿਖੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਧਰਨੇ ਸਬੰਧੀ ਤਿਆਰੀਆਂ ਦਾ ਪੂਰੀ ਤਰ੍ਹਾਂ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਲਗਾਇਆ ਜਾ ਰਿਹਾ ਇਹ ਧਰਨਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ-ਭਾਰਤ ਵਪਾਰਕ ਮੁਕਤ ਸਮਝੌਤੇ ਦਾ ਵਿਰੋਧ, ਪੰਜਾਬ ਦੇ ਪਾਣੀਆਂ ਦੀ ਡਾਇਰੈਕਟੋਰੇਟ ਨੂੰ ਖਤਮ ਕਰਨ, ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਕੋਲ ਹੀ ਰੱਖਣ, ਕਿਸਾਨਾਂ ਦੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਯਕੀਨੀ ਬਣਾਉਣ ਅਤੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਲਕੀਰ ਮਾਰਨ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਧਰਨੇ ਰਾਹੀਂ ਸਰਕਾਰ ਤੱਕ ਪਹੁੰਚਾਈ ਜਾਵੇਗੀ।
– ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡਾ ਕਿਸਾਨ ਕਾਫਲਾ ਚੰਡੀਗੜ੍ਹ ਪਹੁੰਚੇਗਾ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਕੌਮੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਸਾਂਝੇ ਤੌਰ ’ਤੇ ਵੱਧ ਤੋਂ ਵੱਧ ਇਕੱਠ ਕਰਕੇ ਕਿਸਾਨਾਂ ਨੂੰ ਚੰਡੀਗੜ੍ਹ ਲਿਜਾਇਆ ਜਾਵੇਗਾ। ਕਿਸਾਨ ਟਰਾਲੀਆਂ, ਟਰੈਕਟਰਾਂ ਅਤੇ ਹੋਰ ਗੱਡੀਆਂ ਰਾਹੀਂ ਇੱਕ ਹਫ਼ਤੇ ਤੱਕ ਚੱਲਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਚੰਡੀਗੜ੍ਹ ਪਹੁੰਚਣਗੇ।
ਉਨ੍ਹਾਂ ਦੱਸਿਆ ਕਿ ਧਰਨੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਲਈ ਖਾਣ-ਪੀਣ, ਨਹਾਉਣ ਅਤੇ ਸੌਣ ਸਮੇਤ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਾਫਲਾ ਪਹਿਲੀ ਸਤੰਬਰ ਨੂੰ ਸਵੇਰੇ 9 ਵਜੇ ਟੋਲ ਪਲਾਜ਼ਾ ਜੀਉਵਾਲ ਬੱਛੂਆਂ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗਾ।
– ਕੁਲਵਿੰਦਰ ਸਰਪੰਚ ਮੰਡ ਨੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕੀਤੀ ਅਪੀਲ
ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ ਮੰਡ ਨੇ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਲਾਮਬੰਦ ਹੋ ਕੇ ਇਸ ਕਿਸਾਨ ਸੰਘਰਸ਼ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਅਤੇ ਵੱਡੀ ਸ਼ਮੂਲੀਅਤ ਹੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਵੇਗੀ।
– ਅੰਮ੍ਰਿਤਪਾਲ ਸਿੰਘ ਤਾਜੋਵਾਲ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਇਸ ਮੌਕੇ ਯੂਨੀਅਨ ਵੱਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਅੰਮ੍ਰਿਤਪਾਲ ਸਿੰਘ ਤਾਜੋਵਾਲ ਨੂੰ ਬਲਾਚੌਰ ਸਰਕਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਆਗੂਆਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਵਾਈਸ ਪ੍ਰਧਾਨ ਸਵਰਨ ਸਿੰਘ, ਗੁਰਮੁੱਖ ਸਿੰਘ ਮਹਿਮੂਦਪੁਰ, ਬਲਾਕ ਪ੍ਰਧਾਨ ਅਮਰਜੀਤ ਸਿੰਘ ਸਰਪੰਚ ਸਾਬਕਾ ਵੇਲਾ, ਤਾਜੋਵਾਲ ਤੋਂ ਸੁਰਜੀਤ ਸਿੰਘ, ਬੀੜ ਕਾਠਗੜ੍ਹ ਤੋਂ ਬਲਵਿੰਦਰ ਸਿੰਘ ਮੀਤ ਪ੍ਰਧਾਨ, ਚਰਨ ਸਿੰਘ ਛਦੌੜੀ, ਸਤਪਾਲ ਸਿੰਘ, ਗੁਰਮੁੱਖ ਸਿੰਘ ਮਹਿਮੂਦਪੁਰ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।













Leave a Reply