ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਜਲੰਧਰ ਦੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ
ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਚੰਗੇ ਰੁਝਾਨ ਮਿਲ ਰਹੇ ਹਨ। ਅਸੀਂ ਜਲੰਧਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ, ਜਿਸ ਦੌਰਾਨ ਅਸੀਂ ਚਰਨਜੀਤ ਸਿੰਘ ਭਿੰਡਰ ਨੂੰ ਜਲੰਧਰ ਵਿੱਚ ਪਾਰਟੀ ਨਿਗਰਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ, ਜਲੰਧਰ ਦੇ ਦਿਹਾਤੀ ਅਤੇ ਸ਼ਹਿਰ ਦੀ ਜ਼ਿੰਮੇਵਾਰੀ ਪੰਜ-ਪੰਜ ਲੋਕਾਂ ਨੂੰ ਸੌਂਪੀ ਗਈ ਹੈ, ਜੋ ਪਾਰਟੀ ਮੈਂਬਰ ਵਜੋਂ ਕੰਮ ਕਰਨਗੇ ਅਤੇ ਜ਼ਿਲ੍ਹੇ ਦੇ ਰੁਝਾਨਾਂ ਬਾਰੇ ਰਿਪੋਰਟ ਤਿਆਰ ਕਰਨਗੇ। ਹੁਣ ਅਸੀਂ ਪਿੰਡਾਂ, ਪੰਚਾਇਤਾਂ ਅਤੇ ਹਲਕਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੈਂਬਰ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ, ਜਿੱਥੇ ਹਰ ਹਲਕੇ ਵਿੱਚ ਪੰਜ ਮੈਂਬਰ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਪੰਜਾਬ ਦੀ ਭਲਾਈ ਚਾਹੁਣ ਵਾਲੇ ਹਰ ਵਿਅਕਤੀ ਲਈ ਹੈ । ਨੌਜਵਾਨਾਂ ਲਈ ਕਈ ਵਿੰਗ ਬਣਾਏ ਜਾਣਗੇ। ਸਾਡੀ ਪਾਰਟੀ ਵਿੱਚ ਹਰ ਧਰਮ ਦੇ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਨਾ ਕਿ ਆਪਣੇ ਨਿੱਜੀ ਮੁੱਦਿਆਂ ਦੀ। ਇਸ ਸਥਿਤੀ ਵਿੱਚ ਇੱਕ ਪੰਜਾਬ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਸਾਡੀ ਇਸ ਪੰਜਾਬ ਦੀ ਖੇਤਰੀ ਪਾਰਟੀ ਨੂੰ ਵੋਟ ਦੇਣ ।
ਤਰਸੇਮ ਸਿੰਘ ਨੇ ਜਥੇਦਾਰਾਂ ਦੀ ਨਿਯੁਕਤੀ ਮਾਮਲੇ ਵਿੱਚ ਕਿਹਾ ਕਿ ਦੇਸ਼-ਵਿਦੇਸ਼ ਦੇ ਸਾਰੇ ਜਥੇਦਾਰਾਂ ਨੂੰ ਇਕੱਠੇ ਹੋ ਕੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਤਖਤ ਦੀ ਸ਼ਾਨ ਬਣਾਈ ਰੱਖੀ ਜਾ ਸਕੇ।