ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੇ ਸਾਹਮਣੇ ਪੇਸ਼ ਹੋਣਗੇ। SIT ਨੇ ਛੇ ਦਿਨ ਪਹਿਲਾਂ ਉਨ੍ਹਾਂ ਨੂੰ CRPC ਦੀ ਧਾਰਾ 160 ਦੇ ਤਹਿਤ ਸੰਮਨ ਜਾਰੀ ਕੀਤਾ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਰਜ਼ੀ, ਜਿਸ ਵਿੱਚ ਸਰਕਾਰ ਨੇ ਮਜੀਠੀਆ ਦੀ ਜਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ, ‘ਤੇ ਸੁਣਵਾਈ ਕੀਤੀ ਸੀ ਜਿਸ ਤੋਂ ਬਾਅਦ, ਕੋਰਟ ਨੇ ਮਜੀਠੀਆ ਨੂੰ SIT ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਉਨ੍ਹਾਂ ਨੂੰ 17 ਮਾਰਚ ਨੂੰ ਸਵੇਰੇ 11 ਵਜੇ ਪੇਸ਼ ਹੋਣਾ ਪਵੇਗਾ ਅਤੇ ਜੇ ਲੋੜ ਪਈ ਤਾਂ 18 ਮਾਰਚ ਨੂੰ ਵੀ ਪੇਸ਼ ਹੋਣਾ ਪਵੇਗਾ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਸਹਿਯੋਗ ਨਾ ਕਰਨ ਦੇ ਦੋਸ਼ ਲਗਾਏ ਸਨ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ, ਪੰਜਾਬ ਸਰਕਾਰ ਨੇ ਕਿਹਾ ਕਿ ਬਿਕਰਮ ਮਜੀਠੀਆ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਦੇ ਰਹੇ। ਦੂਜੇ ਪਾਸੇ, ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਰਾਜਨੀਤਿਕ ਕਾਰਨਾਂ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕੋਰਟ ਤੋਂ ਪੁੱਛਗਿੱਛ ਲਈ ਨਿਯਤ ਤਰੀਕਾਂ ਤੈਅ ਕਰਨ ਦੀ ਬੇਨਤੀ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਬਰਖਾਸਤ DSP ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਦੇ ਬਾਅਦ ਬਿਕਰਮ ਮਜੀਠੀਆ ਦਾ ਨਾਮ ਸਾਹਮਣੇ ਆਇਆ। ਜਗਦੀਸ਼ ਭੋਲਾ ਨੇ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਡਰੱਗਜ਼ ਰੈਕੇਟ ਵਿੱਚ ਸ਼ਾਮਿਲ ਸੀ। ਅੰਮ੍ਰਿਤਸਰ ਦੀ ਫਾਰਮਾ ਕੰਪਨੀ ਦੇ ਬਿੱਟੂ ਔਲਖ ਅਤੇ ਜਗਦੀਸ਼ ਚਹਿਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਮਜੀਠੀਆ ਦਾ ਨਾਮ ਚਰਚਾ ਵਿੱਚ ਆਇਆ। ਪੁੱਛਗਿੱਛ ਦੌਰਾਨ, ਜਗਦੀਸ਼ ਚਹਿਲ ਨੇ ਖੁਲਾਸਾ ਕੀਤਾ ਕਿ ਬਿਕਰਮ ਮਜੀਠੀਆ ਨੇ ਹਵਾਲੇ ਰਾਹੀਂ 70 ਲੱਖ ਰੁਪਏ ਦਾ ਲੈਣ-ਦੇਣ ਕੀਤਾ ਸੀ।