ਨਵਾਂਸ਼ਹਿਰ , 30 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਵਿੱਚ ਤਾਇਨਾਤ ਡਰਾਈਵਰ ਸਰਦਾਰ ਜਸਵੀਰ ਸਿੰਘ ਅੱਜ ਆਪਣੀ 27 ਸਾਲਾਂ ਦੀ ਸ਼ਾਨਦਾਰ ਅਤੇ ਬੇਦਾਗ ਨੌਕਰੀ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਵਿਭਾਗ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਤਪੱਸਿਆ ਵਰਗੀ ਹੈ ਡਰਾਈਵਰ ਦੀ ਜ਼ਿੰਦਗੀ
ਸਮਾਗਮ ਦੌਰਾਨ ਸ. ਜਸਬੀਰ ਸਿੰਘ ਕੋਟਲਾ ਜੀ. ਐਮ ਮੁੱਖ ਦਫਤਰ / ਜੀ਼ਐਮ ਪੰਜਾਬ ਰੋਡਵੇਜ ਹੁਸਿਆਰਪੁਰ ਨੇ ਸੇਵਾ ਮੁਕਤ ਹੋਏ ਡਰਾਈਵਰ ਜਸਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਇੱਕ ਡਰਾਈਵਰ ਦੀ ਜ਼ਿੰਦਗੀ ਕਿਸੇ ਸਾਧ-ਸੰਤ ਦੀ ਤਪੱਸਿਆ ਤੋਂ ਘੱਟ ਨਹੀਂ ਹੁੰਦੀ। ਉਨ੍ਹਾਂ ਕਿਹਾ, “ਜਿਸ ਤਰ੍ਹਾਂ ਇੱਕ ਸੰਤ ਮੂੰਹ ਹਨੇਰੇ ਉੱਠ ਕੇ ਭਗਤੀ ਵਿੱਚ ਲੀਨ ਹੋ ਜਾਂਦਾ ਹੈ, ਉਸੇ ਤਰ੍ਹਾਂ ਇੱਕ ਡਰਾਈਵਰ ਵੀ ਅੰਮ੍ਰਿਤ ਵੇਲੇ ਉੱਠ ਕੇ ਸਟੇਰਿੰਗ ‘ਤੇ ਬੈਠ ਕੇ ਆਪਣੀ ਤਪੱਸਿਆ ਸ਼ੁਰੂ ਕਰਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਇੱਕ ਡਰਾਈਵਰ ਅਕਸਰ ਆਪਣੇ ਬੱਚਿਆਂ ਨੂੰ ਸੁੱਤੇ ਹੋਏ ਛੱਡ ਕੇ ਡਿਊਟੀ ‘ਤੇ ਜਾਂਦਾ ਹੈ ਅਤੇ ਰਾਤ ਨੂੰ ਉਨ੍ਹਾਂ ਦੇ ਸੌਣ ਤੋਂ ਬਾਅਦ ਹੀ ਘਰ ਪਰਤਦਾ ਹੈ।
ਜੀ.ਐਮ. ਜਸਬੀਰ ਸਿੰਘ ਕੋਟਲਾ ਨੇ ਕਿਹਾ ਕਿ ਸਰਦਾਰ ਜਸਵੀਰ ਸਿੰਘ ਨੇ ਆਪਣੀ ਲੰਬੀ ਸੇਵਾ ਦੌਰਾਨ ਕਦੇ ਵੀ ਕਿਸੇ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਕੀਤਾ।ਉਹਨਾ ਨੇ ਆਪਣੀ ਡਿਊਟੀ ਹਮੇਸਾਂ ਮੇਹਨਤ ਅਤੇ ਇਮਾਨਦਾਰੀ ਨਾਲ ਕੀਤੀ। ਉਹ ਹਮੇਸ਼ਾ ਹੱਸਦੇ-ਮੁਸਕਰਾਉਂਦੇ ਆਪਣੀ ਡਿਊਟੀ ਨਿਭਾਉਂਦੇ ਰਹੇ। ਖਾਸ ਕਰਕੇ ਅਫਸਰਾਂ ਨਾਲ ਡਿਊਟੀ ਕਰਦੇ ਸਮੇਂ ਉਨ੍ਹਾਂ ਨੇ ਆਪਣੀ ਇਮਾਨਦਾਰੀ ਜ਼ਿੰਦਾਦਿਲੀ ਦਾ ਪੂਰਾ ਸਬੂਤ ਦਿੱਤਾ। ਅਜਿਹੇ ਇਨਸਾਨਾਂ ‘ਤੇ ਪ੍ਰਮਾਤਮਾ ਦੀ ਵਿਸ਼ੇਸ਼ ਕ੍ਰਿਪਾ ਹੁੰਦੀ ਹੈ।ਸਮੇ-ਸਮੇ ਸਿਰ ਡਿੱਪੂ ਮਨੇਜਮੈਟ ਅਤੇ ਜਿਲਾਂ ਪ੍ਰਸਾਸਨ ਵੱਲੋ ਵੀ ਜਸਵੀਰ ਸਿੰਘ ਦੀਆ ਵਧੀਆ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸੇਵਾ ਮੁਕਤੀ ਮੌਕੇ ਜਸਵੀਰ ਸਿੰਘ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਮਾਣਯੋਗ ਡਾਇਰੈਕਟਰ ਟਰਾਂਸਪੋਰਟ ਜੀ ਵੱਲੋ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜੀ.ਐਮ. ਨੇ ਕਿਹਾ ਕਿ ਵਿਭਾਗ ਅਜਿਹੇ ਕਰਮਚਾਰੀ ਨੂੰ ਸਨਮਾਨਿਤ ਕਰਕੇ ਫ਼ਖਰ ਮਹਿਸੂਸ ਕਰ ਰਿਹਾ ਹੈ ਅਤੇ ਹੋਰ ਕਰਮਚਾਰੀਆਂ ਨੂੰ ਵੀ ਅਜਿਹੇ ਇਮਾਨਦਾਰ ਵਿਅਕਤੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਇਸ ਮੌਕੇ ਸਮੂਹ ਸਟਾਫ ਨੇ ਜਸਵੀਰ ਸਿੰਘ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਨਿੱਘੀ ਵਿਦਾਇਗੀ ਦਿੱਤੀ।


