– ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸਿਹਤ ਸੇਵਾਵਾਂ ਦਾ ਨਿਰੀਖਣ
ਬਲਾਚੌਰ, 17 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਵੱਲੋਂ ਲੈਫ਼. ਜਨਰਲ ਬਿਕਰਮ ਸਿੰਘ ਸਬ-ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਸਿਹਤ ਸੇਵਾਵਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਉਨ੍ਹਾਂ ਨੇ ਓਪੀਡੀ, ਇੰਡੋਰ ਵਾਰਡ, ਐਮਰਜੈਂਸੀ ਸੇਵਾਵਾਂ, ਲੇਬਰ ਰੂਮ ਅਤੇ ਲੈਬੋਰਟਰੀ ਦਾ ਦੌਰਾ ਕੀਤਾ। ਉਨ੍ਹਾਂ ਨੇ ਦਵਾਈਆਂ ਦੀ ਉਪਲੱਬਧਤਾ, ਮੈਡੀਕਲ ਲੈਬ ਟੈਸਟ ਸਹੂਲਤ ਅਤੇ ਮੈਡੀਕਲ ਸਾਜ਼ੋ-ਸਾਮਾਨ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਕੀਤੀ। ਡਾ. ਗੁਰਿੰਦਰਜੀਤ ਸਿੰਘ ਨੇ ਸਫ਼ਾਈ ਪ੍ਰਬੰਧਾਂ ’ਤੇ ਖਾਸ ਧਿਆਨ ਦਿੰਦਿਆਂ ਹਸਪਤਾਲ ਪ੍ਰਸ਼ਾਸਨ ਨੂੰ ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਦੇ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਫ਼-ਸੁਥਰਾ ਮਾਹੌਲ ਮਰੀਜ਼ਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਿਵਲ ਸਰਜਨ ਨੇ ਸਾਰੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਮਰੀਜ਼ਾਂ ਨਾਲ ਨਿਮਰਤਾ, ਸੰਵੇਦਨਸ਼ੀਲਤਾ ਅਤੇ ਸਮਰਪਣ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮੇਂ-ਸਿਰ ਇਲਾਜ ਮਿਲਣਾ ਚਾਹੀਦਾ ਹੈ। ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗੁਣਵੱਤਾਪੂਰਨ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਪਹਿਲੀ ਤਰਜੀਹ ਹੈ ਅਤੇ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਜਤਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


