ਨਵਾਸ਼ਹਿਰ /ਕਾਠਗੜ੍ਹ 15 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ),ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਪਾਵਨ ਮੌਕੇ ’ਤੇ ਆਯੋਜਿਤ ਰਾਜ ਪੱਧਰੀ ਵਿਦਿਅਕ ਮੁਕਾਬਲਿਆਂ ਵਿੱਚ ਕਾਠਗੜ੍ਹ ਦਾ ਪ੍ਰਸਿੱਧ ਨੋਨੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨਾਂ ਵਰਗਾਂ ਵਿੱਚ ਪਹਿਲਾ ਤੇ ਦੂਜਾ ਸਥਾਨ ਆਪਣੇ ਨਾਂ ਕੀਤਾ। ਮਿਡਲ ਕਲਾਸ ਵਿੱਚ ਹੈਰੀ ਚੋਪੜਾ ਤੇ ਬੰਦਨਾ ਨੇ ਪਹਿਲਾ, ਜਦਕਿ ਮਾਨਸੀ ਤੇ ਰਜਤ ਨੇ ਦੂਜਾ ਸਥਾਨ ਹਾਸਲ ਕੀਤਾ।
ਹਾਈ ਕਲਾਸ ਵਿੱਚ ਮਨਸੀਰਤ ਕੌਰ ਪਹਿਲੇ ਤੇ ਰਾਮਨਪ੍ਰੀਤ ਦੂਜੇ ਸਥਾਨ ’ਤੇ ਰਹੀ।
ਸੀਨੀਅਰ ਸੈਕੰਡਰੀ ਵਰਗ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ ਤੇ ਸਿਮਰਨਜੀਤ ਤੇ ਕਮਲ ਘਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੱਜ ਲੁਧਿਆਣਾ ਵਿਖੇ ਕਰਵਾਏ ਗਏ ਵਿਸ਼ਾਲ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਸਕੂਲ ਸੰਗ ਪੰਜਾਬ ਵੱਲੋਂ ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਵਿਧਾਇਕ ਮਹੋਦਇ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਨ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਦੋਵਾਂ ਮਹਾਨੁਭਾਵਾਂ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਪ੍ਰਸ਼ਸਤੀ ਪੱਤਰ ਦਿੱਤੇ ਤੇ ਉਨ੍ਹਾਂ ਦੀ ਪਿੱਠ ਥਪਥਪਾ ਕੇ ਭਵਿੱਖ ਲਈ ਵਧਾਈਆਂ ਦਿੱਤੀਆਂ।
ਸਕੂਲ ਚੇਅਰਪਰਸਨ ਸ੍ਰੀਮਤੀ ਪੂਜਾ ਭਾਰਦਵਾਜ ਤੇ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ, ਮਾਪਿਆਂ ਤੇ ਮਾਰਗਦਰਸ਼ਕ ਅਧਿਆਪਕਾਂ – ਮੀਨਾਕਸ਼ੀ ਰਾਣਾ, ਸੁਸ਼ਮਾ ਸ਼ਰਮਾ, ਸਰਿਤਾ ਸ਼ਰਮਾ ਤੇ ਤਾਰਾ ਚੰਦ – ਨੂੰ ਰੱਜ ਕੇ ਵਧਾਈ ਦਿੱਤੀ। ਚੇਅਰਪਰਸਨ ਪੂਜਾ ਭਾਰਦਵਾਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਤੋਂ ਮਿਲੀ ਪ੍ਰੇਰਨਾ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਾਡੇ ਬੱਚੇ ਲਗਾਤਾਰ ਨਵੀਆਂ ਬੁਲੰਦੀਆਂ ਛੂਹ ਰਹੇ ਹਨ। ਇਹ ਸਾਡੇ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲਾ ਪਲ ਹੈ।


