ਨਵਾਂਸ਼ਹਿਰ/ ਕਾਠਗੜ੍ਹ , 28 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਵਾਰਡ ਨੰਬਰ 5 ਦੀ ਇੱਕ ਗਲੀ ਵਿੱਚ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦੇਣ ਲਈ ਪੁੱਟੀ ਗਈ ਗਲੀ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਠਗੜ੍ਹ ਵਾਰਡ ਨੰਬਰ 5 ਵਿੱਚ ਨੈਣਾਂ ਦੇਵੀ ਮੰਦਿਰ ਨੂੰ ਜਾਣ ਵਾਲੀ ਗਲੀ ਵਿੱਚ ਇੱਕ ਨਵੇਂ ਉਸਾਰੇ ਗਏ ਮਕਾਨ ਨੂੰ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦੇਣ ਲਈ ਗਲੀ ਵਿੱਚ ਲਗਾਈਆਂ ਗਈਆਂ ਇੰਟਰਲੋਕ ਟਾਈਲਾਂ ਨੂੰ ਪੁੱਟਿਆ ਗਿਆ ਸੀ ਪਰੰਤੂ 4-5 ਦਿਨ ਬੀਤ ਜਾਣ ‘ਤੇ ਵੀ ਪੁੱਟੀ ਗਈ ਥਾਂ ਤੇ ਇੰਟਰਲੋਕ ਟਾਈਲਾਂ ਨੂੰ ਦੁਬਾਰਾ ਨਹੀਂ ਲਗਾਇਆ ਗਿਆ ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਆਉਣ-ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਤਾਂ ਅਚਾਨਕ ਇਸ ਜਗ੍ਹਾ ‘ਤੇ ਪਹੁੰਚ ਕੇ ਠੋਕਰ ਲਵਾ ਲੈਂਦੇ ਹਨ ਜਦਕਿ ਦੋਪਹੀਆ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਇੱਕਦਮ ਝਟਕਾ ਲੱਗਦਾ ਹੈ ਜਿਸ ਨਾਲ ਉਹਨਾਂ ਨੂੰ ਸੱਟ ਆਦਿ ਲੱਗਣ ਦਾ ਡਰ ਰਹਿੰਦਾ ਹੈ। ਪਾਣੀ ਦਾ ਕੁਨੈਕਸ਼ਨ ਲੈਣ ਲਈ ਪੁੱਟੀ ਗਈ ਇਸ ਗਲੀ ਬਾਰੇ ਜਲ ਘਰ ਦੇ ਕਰਮਚਾਰੀ ਨੂੰ ਵੀ ਦੱਸਿਆ ਗਿਆ ਸੀ ਜਿਸ ਨੇ ਕਿਹਾ ਕਿ ਉਹ ਸੰਬੰਧਿਤ ਮਕਾਨ ਮਾਲਕ ਨੂੰ ਗਲੀ ਠੀਕ ਕਰਵਾਉਣ ਲਈ ਕਹਿ ਦੇਵੇਗਾ। ਵਾਰਡ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪੁੱਟੀ ਗਲੀ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਐਵੇਂ ਹੀ ਸੱਟਾਂ ਨਾ ਲਵਾ ਬੈਠੇ।


