ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ 22 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਬੰਧਾਂ ਤੇ ਦਿਨ-ਰਾਤ ਨਜ਼ਰ ਰੱਖੀ ਜਾ ਰਹੀ ਹੈ। ਉਹ ਅਧਿਕਾਰੀਆਂ ਤੇ ਆਪਣੀ ਟੀਮ ਨਾਲ ਲਗਾਤਾਰ ਸਮਾਗਮ ਵਾਲੇ ਥਾਵਾਂ ਦਾ ਦੌਰਾ ਕਰ ਰਹੇ ਹਨ। ਬੀਤੀ ਲੰਘੀ ਰਾਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ, ਏਡੀਸੀ ਚੰਦਰ ਜਯੋਤੀ ਸਿੰਘ, ਏ.ਸੀ ਅਭਿਮੰਨਯੂ ਮਲਿਕ, ਐਸਡੀਐਮ ਰੂਪਨਗਰ ਡਾ.ਸੰਜੀਵ ਕੁਮਾਰ ਸਮੇਤ ਸਾਰੇ ਅਧਿਕਾਰੀ ਅਤੇ ਟੀਮ ਜਦੋਂ 2 ਵਜੇ ਇਨ੍ਹਾਂ ਸਾਰੇ ਸਮਾਗਮ ਵਾਲੇ ਸਥਾਨਾ ਦਾ ਦੌਰਾ ਕਰ ਰਹੇ ਸਨ ਤਾਂ ਸੰਗਤਾਂ ਨੇ ਵੀ ਭਰੋਸਾ ਪ੍ਰਗਟਾਇਆ ਕਿ ਇਸ ਵਾਰ ਦੇ ਸਮਾਗਮਾਂ ਵਿੱਚ ਪ੍ਰਬੰਧ ਬਹੁਤ ਹੀ ਵਧੀਆ ਹੋਣਗੇ।
ਸ.ਬੈਂਸ ਨੇ ਸਮਾਗਮ ਲਈ ਕੀਤੀਆ ਜਾ ਰਹੀਆਂ ਤਿਆਰੀਆਂ ਮੌਕੇ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਪ੍ਰਬੰਧਾਂ ਵਿਚ ਕੋਈ ਕੁਤਾਹੀ ਜਾਂ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਤੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਇਕੱਲੀ-ਇਕੱਲੀ ਸੜਕ ’ਤੇ ਖੁਦ ਦੌਰਾ ਕਰਦੇ ਹੋਏ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲੈ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਟ੍ਰੈਫਿਕ ਪ੍ਰਬੰਧ, ਸਫਾਈ, ਮੈਡੀਕਲ ਸਹੂਲਤਾਂ, ਵਾਟਰ ਸਪਲਾਈ, ਲੰਗਰਾਂ ਦੀ ਸੁਵਿਧਾ, ਵਲੰਟੀਅਰ ਮੈਨੇਜਮੈਂਟ ਅਤੇ ਸਿਕਿਊਰਟੀ ਪ੍ਰਬੰਧ ਹਰੇਕ ਮੋੜ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਵੀ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਤਾਂ ਦੇ ਸੁਚਾਰੂ ਆਵਾਜਾਈ ਅਤੇ ਸੰਪੂਰਣ ਸੁਰੱਖਿਆ ਲਈ ਤਤਪਰ ਹੈ।
ਸ. ਬੈਂਸ ਨੇ ਕਿਹਾ ਕਿ ਇਲਾਕੇ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਤਾਂ ਜੋ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੇ। ਸਟੇਜਾਂ, ਪਾਰਕਿੰਗ ਸਾਈਟਾਂ ਅਤੇ ਸਮਾਗਮ ਸਥਾਨਾ ‘ਤੇ ਸਟਾਫ਼ ਦੀ ਡਿਊਟੀ ਲਗਾਤਾਰ ਨਿਗਰਾਨੀ ਹੇਠ ਹੈ। ਇਸਦੇ ਨਾਲ ਹੀ, ਸਥਾਨ-ਸਥਾਨ ‘ਤੇ ਹੈਲਪ ਡੈਸਕ, ਅਤੇ ਇੰਫ਼ਾਰਮੇਸ਼ਨ ਸੈਂਟਰ ਵੀ ਬਣਾਏ ਜਾ ਰਹੇ ਹਨ। ਰਾਤ-ਦਿਨ ਕੰਮ ਕਰ ਰਹੇ ਸਾਰੇ ਵਿਭਾਗਾਂ ਨੂੰ ਸੰਗਤਾਂ ਦੀ ਸਹੂਲਤ ਨੂੰ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ “ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਹਰ ਆਉਣ ਵਾਲਾ ਸ਼ਰਧਾਲੂ ਸੁਵਿਧਾ ਅਤੇ ਸੁਰੱਖਿਆ ਨਾਲ ਗੁਰੂ ਘਰ ਦਾ ਦਰਸ਼ਨ ਕਰ ਸਕੇ। ਸ.ਬੈਂਸ ਨੇ ਕਿਹਾ ਕਿ ਅਸੀਂ ਕੋਈ ਕਸਰ ਨਹੀਂ ਛੱਡ ਰਹੇ ਅਤੇ ਹਰ ਸੰਭਵ ਯਤਨ ਜਾਰੀ ਹਨ।” ਉਹਨਾਂ ਨੇ ਦੱਸਿਆ ਕਿ ਸਿਕਿਊਰਟੀ ਲਈ 8000 ਅਧਿਕਾਰੀ/ਕਰਮਚਾਰੀ ਤੈਨਾਂਤ ਕੀਤੇ ਗਏ ਹਨ ਅਤੇ 500 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਵੱਖ-ਵੱਖ ਸੈਕਟਰਾਂ ਵਿਚ ਅਧਿਕਾਰੀਆਂ ਦੀ ਨਿਗਰਾਨੀ ਲਗਾਤਾਰ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਗੁਰਮਤਿ ਸਮਾਗਮਾਂ ਬਾਰੇ ਜਾਣਕਾਰੀ ਦੇਣ ਅਤੇ ਹੋਰ ਸੂਚਨਾ ਸਾਝੀ ਕਰਨ ਲਈ ਪਬਲਿਕ ਅਨਾਉਸਮੈਂਟ ਸਿਸਟਮ ਲਗਾਏ ਗਏ ਹਨ ਅਤੇ ਸਮੁੱਚੇ ਸਮਾਗਮ ਵਾਲੇ ਖੇਤਰ ਵਿੱਚ 20 ਐਲ.ਈ.ਡੀ ਲਗਾ ਕੇ ਗੁਰਮਤਿ ਸਮਾਗਮਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।
ਸ.ਬੈਂਸ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਘਰ ਵਿਚ ਨਤਮਸਤਕ ਹੋਣ। “ਇਹ ਗੁਰਧਾਮਾ ਦੀ ਪਵਿੱਤਰ ਧਰਤੀ ਹਰੇਕ ਦਿਲ ਨੂੰ ਸ਼ਾਂਤੀ ਦੇਂਦੀ ਹੈ। ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਸੱਦਾ ਦਿੱਤਾ ਕਿ ਆਓ, ਨਮ੍ਰਤਾ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਦਾ ਹਿੱਸਾ ਬਣਾਈਏ।


