ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਜਤਿੰਦਰ ਪਾਲ ਸਿੰਘ ਕਲੇਰ )
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਸਬੰਧ ਵਿੱਚ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਪੂਰੀ ਤਰ੍ਹਾਂ ਪੱਬਾਂਂ ਭਾਰ ਹੋ ਗਈ ਹੈ। ਇਸ ਸਬੰਧੀ ਵਿਸ਼ੇਸ਼ ਡਿਊਟੀ ਤੇ ਤਾਇਨਾਤ ਨੋਡਲ ਅਫਸਰ ਡਾਕਟਰ ਸੰਜੀਵ ਕੁਮਾਰ ਨੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਦਫਤਰ ਵਿਖੇ ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਅਤੇ ਸੈਨੇਟਰੀ ਸੁਪਰਡੈਂਟ ਤੇ ਸੈਨੇਟਰੀ ਇੰਸਪੈਕਟਰਾਂ ਨਾਲ ਹੰਗਾਮੀ ਮੀਟਿੰਗ ਕੀਤੀ।
ਮੀਟਿੰਗ ਦੇ ਬਾਅਦ ਨੋਡਲ ਅਫਸਰ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਪੁਰਬ ਨੂੰ ਲੈ ਕੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਸਫਾਈ ਮੁਹਿੰਮ ਦੀ ਵੱਡੀ ਜਿੰਮੇਵਾਰੀ ਹੈ ਜਿਸ ਦੇ ਚਲਦਿਆਂ ਨਗਰ ਕੌਂਸਲ ਵੱਲੋਂ ਸਾਫ ਸਫਾਈ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ, ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਤੋਂ ਕਾਰਜ ਸਾਧਕ ਅਫਸਰ, ਸੈਨੇਟਰੀ ਇੰਸਪੈਕਟਰ,ਸੀਵਰਮੈਨ ਅਤੇ ਲਗਭਗ 200 ਸਫਾਈ ਸੇਵਕ ਸਮਾਨ ਸਮੇਤ ਪਹੁੰਚ ਗਏ ਹਨ। ਉਹਨਾਂ ਦੱਸਿਆ ਕਿ ਸ਼ਹਿਰ ਦੀ ਸਫਾਈ ਲਈ ਰੂਪ ਰੇਖਾ ਤਿਆਰ ਕਰ ਲਈ ਗਈ ਹੈ ਅਤੇ ਸ਼ਹਿਰ ਨੂੰ 10 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਲਗਭਗ 21 ਟੀਮਾਂ ਪੂਰੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ ਜੋ ਕਿ ਸ਼ਹੀਦੀ ਪੁਰਬ ਸਮਾਗਮਾਂ ਤੋਂ ਪਹਿਲਾਂ ਸ਼ਹਿਰ ਦੀ ਪੂਰੀ ਤਰ੍ਹਾਂ ਸਾਫ਼ ਸਫਾਈ ਕਰ ਦੇਣਗੀਆਂ।
ਡਾਕਟਰ ਸੰਜੀਵ ਕੁਮਾਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ ਦਾ ਕੂੜਾ ਕਰਕਟ ਸਿਰਫ ਤੇ ਸਿਰਫ ਕੂੜੇਦਾਨਾਂ ਵਿੱਚ ਹੀ ਪਾਇਆ ਜਾਵੇ।ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਕੂੜਾ ਕਰਕਟ ਗਲੀ ਮਹੱਲਿਆਂ ਵਿੱਚ ਨਾ ਸੁੱਟਿਆ ਜਾਵੇ। ਜੇਕਰ ਸ਼ਹਿਰ ਦੀ ਚੰਗੀ ਸਫਾਈ ਹੋਵੇਗੀ ਤਾਂ ਹੀ ਦੂਰ ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਾਸੀਆਂ ਦੀ ਇੱਕ ਚੰਗੀ ਪਹਿਚਾਣ ਲੈ ਕੇ ਜਾਣਗੀਆਂ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੀ ਸ਼ਹਿਰ ਦੀ ਸਾਫ ਸਫਾਈ ਨੂੰ ਲੈ ਕੇ ਕਾਫੀ ਸੁਚੇਤ ਹਨ ਅਤੇ ਉਨਾਂ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਸ਼ਹਿਰ ਦੀ ਸਾਫ ਸਫਾਈ ਲਈ ਲਗਾ ਰੱਖੀਆਂ ਹਨ।
ਇਸ ਮੌਕੇ ਮੁਕੇਸ਼ ਸ਼ਰਮਾ ਸੈਨੇਟਰੀ ਸੁਪਰਡੈਂਟ ਨੰਗਲ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਐਡਵੋਕੇਟ ਮਨਦੀਪ ਸਿੰਘ ਸੀ.ਐਫ, ਹਰਦਰਸ਼ਨ ਸਿੰਘ ਸੈਨੇਟਰੀ ਇੰਸਪੈਕਟਰ, ਰਜਿੰਦਰ ਕੁਮਾਰ ਸੈਨੇਟਰੀ ਇੰਸਪੈਕਟਰ, ਮਲਕੀਤ ਸਿੰਘ , ਸੰਜੋਗਤਾ ਸੈਨੇਟਰੀ ਇੰਸਪੈਕਟਰ, ਹਰਪ੍ਰੀਤ ਸਿੰਘ ਸੈਨੇਟਰੀ ਇੰਸਪੈਕਟਰ, ਬੰਟੀ ਸਹੋਤਾ ਸੈਨੇਟਰੀ ਇੰਸਪੈਕਟਰ, ਹੇਮਰਾਜ ਸੈਨੇਟਰੀ ਇੰਸਪੈਕਟਰ, ਸੌਰਵ ਕੁਮਾਰ ਸੈਨੇਟਰੀ ਇੰਸਪੈਕਟਰ, ਵਰਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਰਘਵੀਰ ਸਿੰਘ ਸੈਨੇਟਰੀ ਇੰਸਪੈਕਟਰ, ਸੰਗੀਤ ਕੁਮਾਰ ਕਾਰਜ ਸਾਧਕ ਅਫਸਰ ਆਦਿ ਹਾਜਰ ਸਨ।


