Join
Thursday, March 26, 2026
Thursday, March 26, 2026

ਪ੍ਰਦੂਸ਼ਣ ਲਈ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਕਿੰਨਾ ਕੁ ਜਾਇਜ਼ ?

ਕਾਫੀ ਸਮੇ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਮਾਮਲਾ ਕਾਫੀ ਤੂਲ ਫੜ ਰਿਹਾ ਹੈ । ਜਦੋਂ ਵੀ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ ਤਾਂ ਝੱਟ ਕਿਸਾਨਾਂ ਨੂੰ ਓਸ ਲਈ ਜਿੰਮੇਦਾਰ ਠੇਹਰਾਇਆ ਜਾਂਦਾ ਹੈ । ਜਿਵੇਂ ਕੇ ਦੇਸ਼ ਵਿੱਚ ਪ੍ਰਦੂਸ਼ਣ ਲਈ ਸਿਰਫ਼ ਕਿਸਾਨ ਹੀ ਜਿੰਮੇਦਾਰ ਹੋਣ । ਦਿੱਲੀ ਵਿੱਚ ਪ੍ਰਦੂਸ਼ਣ ਵੱਧ ਜਾਵੇ ਤਾਂ ਦਿੱਲੀ ਦੀਆਂ ਸਰਕਾਰਾਂ ਝੱਟ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਦੱਸ ਦੇਂਦੇ ਹਨ । ਪਰ ਕੀ ਪ੍ਰਦੂਸ਼ਣ ਲਈ ਸਿਰਫ਼ ਕਿਸਾਨ ਹੀ ਜਿੰਮੇਦਾਰ ਹਨ ? ਦੇਸ਼ ਦੇ ਹਰ ਰਾਜ ਵਿੱਚ ਕਿੰਨੀ ਇੰਡਸਟਰੀ ਚੱਲ ਰਾਹੀਂ ਹੈ, ਕਈ ਕਾਰੋਬਾਰ ਚੱਲ ਰਹੇ ਹਨ ਜੋ ਕੇ ਰੋਜ਼ਾਨਾ ਪਾਣੀ, ਹਵਾ, ਜ਼ਮੀਨ ਨੂੰ ਪ੍ਰਦੂਸ਼ਤ ਕਰ ਰਹੇ ਹਨ । ਓਹਨਾਂ ਬਾਰੇ ਕਦੇ ਕਿਸੇ ਕੋਈ ਗੱਲ ਨਹੀਂ ਕੀਤੀ । ਪੰਜਾਬ ਵਿੱਚ ਕਿਸਾਨ ਜੋ ਪਰਾਲੀ ਨੂੰ ਅੱਗ ਲਗਾਉਂਦੇ ਹਨ ਓਹ ਵਾਕਈ ਗਲਤ ਹੈ ਪਰ ਸਾਰੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਹੀ ਦੋਸ਼ ਦੇ ਦੇਣ ਕੋਈ ਸਹੀ ਗੱਲ ਨਹੀਂ ਜਾਪਦੀ । ਕਿਸਾਨਾਂ ਦੇ ਖੇਤਾਂ ਵਿੱਚੋਂ ਅੱਗ ਨਾਲ ਨਿਕਲਿਆ ਧੂਆਂ ਓਸ ਧੂਏ ਤੋਂ ਤਾਂ ਘੱਟ ਹੀ ਹੋਵੇਗਾ ਜੋ ਹਰ ਰੋਜ ਚੱਲ ਰਾਹੀਂ ਇੰਡਸਟਰੀ, ਕਾਰਖਾਨੇ, ਤੇ ਹੋਰ ਕਈ ਵਰਕਸ਼ਾਪ ਤੇ ਭੱਠੀਆਂ ਵਿੱਚੋਂ ਨਿਕਲਦਾ ਹੈ । ਕਿਸਾਨ ਤਾਂ ਚਲੋ ਮੰਨਿਆ ਕਿ ਸਾਲ ਵਿੱਚ 1 ਮਹੀਨਾ 2 ਮਹੀਨੇ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਂਦੇ ਹੋਣਗੇ ਪਰ ਬਾਕੀ ਸਾਲ ਪ੍ਰਦੂਸ਼ਣ ਕਿਥੋਂ ਆ ਜਾਂਦਾ ਹੈ ? ਏਸ ਬਾਰੇ ਵੀ ਤਾਂ ਸੋਚਣਾ ਚਾਹੀਦਾ ਹੈ । ਦਿੱਲੀ ਵਿੱਚ ਹਜ਼ਾਰਾਂ ਵਾਹਨ ਰੋਜ਼ ਪ੍ਰਦੂਸ਼ਣ ਫੈਲਾਂਦੇ ਹਨ, ਪਰ ਓਸ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ , ਆਸ ਪਾਸ ਜੋ ਇੰਡਸਟਰੀ ਚੱਲ ਰਹੀ ਹੋਵੇ ਤਾਂ ਓਸ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ, ਜ਼ਿਕਰ ਹੁੰਦਾ ਹੈ ਤਾਂ ਬਸ ਕਿਸਾਨਾਂ ਦਾ । ਦੋਸ਼ੀ ਕੋਣ? ਸਿਰਫ਼ ਕਿਸਾਨ? ਏਥੇ ਇਹ ਵੀ ਗੱਲ ਸੋਚਣ ਵਾਲੀ ਹੈ ਕੇ ਜਦੋਂ ਵੀ ਪੰਜਾਬ ਦੇ ਕਿਸਾਨ ਆਪਣੇ ਖੇਤ ਵਿੱਚ ਅੱਗ ਲਗਾਉਂਦੇ ਹਨ ਤਾਂ ਓਹ ਧੂਆਂ ਸਿੱਧਾ ਦਿੱਲੀ ਨੂੰ ਚੱਲ ਜਾਂਦਾ ਹੈ, ਹੋਰ ਕਿਸੇ ਰਾਜ ਵਿੱਚ ਨਹੀਂ ਜਾਂਦਾ, ਨਾ ਹੀ ਦਿੱਲੀ ਤੋਂ ਅੱਗੇ ਵੱਧਦਾ ਹੈ । ਪੰਜਾਬ ਦੇ ਖੇਤਾਂ ਵਿੱਚੋਂ ਨਿਕਲਿਆ ਧੂਆਂ ਸਿੱਧਾ ਦਿੱਲੀ ਜਾਂ ਕੇ ਰੁਕ ਜਾਂਦਾ ਹੈ, ਉਸ ਤੋਂ ਅੱਗੇ ਨਹੀਂ ਵੱਧਦਾ, ਜਿਵੇਂ ਉਸਨੂੰ ਦਿੱਲੀ ਨਾਲ ਹੀ ਪਿਆਰ ਹੋਵੇ । ਹੱਦ ਹੈ । ਇਸ ਵਾਰ ਦੀਵਾਲੀ ਤੋਂ ਪਹਿਲਾਂ ਦਿੱਲੀ ਦਾ ਪ੍ਰਦੂਸ਼ਣ ਅਜੇ ਘੱਟ ਹੀ ਸੀ, ਪਰ ਦੀਵਾਲੀ ਦੇ ਅਗਲੇ ਦਿਨ ਹੀ ਪ੍ਰਦੂਸ਼ਣ ਵੱਧ ਗਿਆ । ਤੇ ਫਿਰ ਠੀਕਰਾ ਭੰਨਿਆ ਗਿਆ ਪੰਜਾਬ ਦੇ ਕਿਸਾਨਾਂ ਦੇ ਸਿਰ । ਕਿਓਂ? ਹਰਿਆਣਾ ਵਿੱਚ ਖੇਤ ਨਹੀਂ? ਉੱਤਰ ਪ੍ਰਦੇਸ਼ ਵਿੱਚ ਖੇਤ ਨਹੀਂ ? ਓਹਨਾਂ ਰਾਜਾਂ ਵਿੱਚ ਅੱਗ ਨਹੀਂ ਲਗਾਈ ਜਾਂਦੀ ? ਓਹਨਾਂ ਰਾਜਾਂ ਵਿੱਚ ਕੋਈ ਇੰਡਸਟਰੀ ਨਹੀਂ ? ਦਿੱਲੀ ਵਿੱਚ ਸਿਰਫ਼ ਪੰਜਾਬ ਦਾ ਧੂਆਂ ਹੀ ਕਿਓਂ ਪਹੁੰਚਦਾ ਹੈ ? ਹਰਿਆਣਾ, ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਰਾਜ ਤੋਂ ਧੂਆਂ ਕਿਓਂ ਨਹੀਂ ਜਾਂਦਾ ? ਜਾਂ ਤਾਂ ਫਿਰ ਪੰਜਾਬ ਵਾਲੇ ਸਾਰਾ ਧੂਆਂ ਸਟੋਰ ਕਰ ਕੇ ਦਿੱਲੀ ਛੱਡ ਆਉਂਦੇ ਨੇ । ਕੁਛ ਵੀ ਕਹਿਣ ਤੋਂ ਪਹਿਲਾਂ ਕੁਛ ਸੋਚ ਵਿਚਾਰ ਤਾਂ ਲੈਣਾ ਚਾਹੀਦਾ ਹੈ । ਕਿਸਾਨਾਂ ਨੂੰ ਦੋਸ਼ ਦੇਣ ਨਾਲੋਂ ਚੰਗਾ ਹੈ ਕਿ ਸਰਕਾਰਾਂ ਪ੍ਰਦੂਸ਼ਣ ਘਟਾਉਣ ਲਈ ਉਪਾਅ ਸੋਚਣ । ਹਵਾ ਪਾਣੀ ਤੇ ਜ਼ਮੀਨ ਦਾ ਪ੍ਰਦੂਸ਼ਣ ਦਿਨ ਬ ਦਿਨ ਵੱਧਦਾ ਜਾਂ ਰਿਹਾ ਹੈ ,ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ  ਹੈ । ਜੰਗਲਾਂ ਦਰਖੱਤਾਂ ਨੂੰ ਕੱਟ ਕੱਟ ਕੇ ਕੰਕਰੀਟ ਵਿਛਾਇਆ ਜਾ ਰਿਹਾ ਹੈ । ਅਸੀਂ ਸਾਰੇ ਹੀ ਇਸ ਪ੍ਰਦੂਸ਼ਣ ਲਈ ਦੋਸ਼ੀ ਹਾਂ । ਸਾਡੀਆਂ ਸਰਕਾਰਾਂ ਵਧੇਰੇ ਦੋਸ਼ੀ ਹਨ । ਵਿਕਾਸ ਦੇ ਨਾਮ ਤੇ ਖੇਤ , ਜੰਗਲ ਖਤਮ ਕੀਤੇ ਜਾਂ ਰਹੇ ਨੇ । ਵੱਡੇ ਵੱਡੇ ਬਿਸਨਸਮੈਨ ਪੈਸੇ ਤੇ ਰੁਤਬੇ ਦੀ ਵਰਤੋਂ ਕਰ ਕੇ ਰਾਜਨੀਤਕ ਨੇਤਾਵਾਂ ਨੂੰ ਆਪਣੀ ਜੇਬ ਵਿੱਚ ਪਾ ਕੇ ਘੁੰਮਦੇ ਹਨ ਤੇ ਨੇਤਾ ਲੋਕ ਪੈਸੇ ਦੇ ਲਾਲਚ ਵਿੱਚ ਆਮ ਜਨਤਾ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਓਹਨਾਂ ਬਿਸਨਸਮੈਨ ਲੋਕ ਨੂੰ ਜੰਗਲ ਦਰੱਖਤ ਕੱਟਣ ਦੀ ਆਗਿਆ ਦੇ ਦੇਂਦੇ ਨੇ , ਜਨਤਾ ਜਾਵੇ ਢਠੇ ਖੂਹ ਚ । ਹਾਲ ਓਹ ਹੈ ਕੇ ਕਰੇ ਕੋਈ ਤੇ ਭਰੇ ਕੋਈ । ਜਦੋਂ ਕੋਈ ਵੱਡਾ ਬਿਸਨਸਮੈਨ ਜੰਗਲਾਂ ਦੇ ਜੰਗਲ ਕੱਟ ਦੇਵੇ ਤਾਂ ਉਸਨੂੰ ਕੋਈ ਨਹੀਂ ਪੁੱਛਦਾ ਸਗੋਂ ਉਸਨੂੰ ਸਿਕਯੁਰਿਟੀ ਦਿੱਤੀ ਜਾਂਦੀ ਹੈ । ਏਸੇ ਤਰ੍ਹਾਂ ਕੀ ਇੰਡਸਟਰੀ ਵਾਲੇ ਨਦੀਆਂ ਦਰਿਆਵਾਂ ਦੇ ਪਾਣੀ ਵਿੱਚ ਆਪਣੀ ਇੰਡਸਟਰੀ ਦਾ ਗੰਦ, ਕੈਮਿਕਲ ਸੁੱਟੀ ਜਾਂਦੇ ਨੇ ਪਰ ਨਾ ਪ੍ਰਦੂਸ਼ਣ ਬੋਰਡ ਕੁਛ ਕਰਦਾ ਹੈ ਨਾ ਹੀ ਕੋਈ ਨੇਤਾ । ਉਹਨਾਂ ਦੀਆ ਅੱਖਾਂ ਉੱਪਰ ਵੀ ਸ਼ਾਇਦ ਨੋਟਾਂ ਦੀ ਪੱਟੀ ਬੱਝੀ ਹੁੰਦੀ ਹੈ, ਜੋ ਉਹਨਾਂ ਨੂੰ ਓਹ ਪ੍ਰਦੂਸ਼ਣ ਦਿਖਾਈ ਨਹੀਂ ਦਿੰਦਾ ਤੇ ਇੰਡਸਟਰੀ ਫੈਕਟਰੀ ਵਾਲੇ ਆਪਣੀ ਇੰਡਸਟਰੀ ਦਾ ਗੰਦਾ ਪਾਣੀ ਤੇ ਕੈਮਿਕਲ ਨਦੀਆਂ ਦਰਿਆਵਾਂ ਨਾਲਿਆਂ ਵਿੱਚ ਸੁੱਟਟੀ ਜਾਂਦੇ ਨੇ , ਕਈ ਇੰਡਸਟਰੀ ਵਾਲੇ ਤਾਂ ਇੰਨੇ ਸਿਆਣੇ ਹੋ ਜਾਂਦੇ ਨੇ ਕੇ ਸਿੱਧਾ ਜ਼ਮੀਨ ਵਿੱਚ ਬੋਰ ਕਰ ਕੇ ਹੀ ਪਾਣੀ ਜ਼ਮੀਨ ਦੇ ਅੰਦਰ ਸੁੱਟੀ ਜਾਂਦੇ ਨੇ। ਆਮ ਲੋਕ ਜਦੋਂ ਨੇਤਾਵਾਂ ਕੋਲ ਆਵਾਜ਼ ਚੁੱਕਦੇ ਨੇ ਤਾਂ ਨੇਤਾ ਲੋਕ ਵੀ ਅੱਗਿਓਂ ਝੂਠੇ ਭਰੋਸੇ ਦੇ ਕੇ ਵਾਪਸ ਭੇਜ ਦਿੰਦੇ ਨੇ, ਤੇ ਪਰਨਾਲਾ ਓਥੇ ਦਾ ਓਥੇ ਹੀ ਟਿਕਿਆ ਰਹਿੰਦਾ ਹੈ ।

ਜੇ ਸਰਕਾਰਾਂ ਵਾਕਈ ਪ੍ਰਦੂਸ਼ਣ ਬਾਰੇ ਚਿੰਤਿਤ ਹਨ ਤਾਂ ਓਹਨਾਂ ਨੂੰ ਆਪਣੇ ਸੁਆਰਥ ਤੋਂ ਬਾਹਰ ਨਿਕਲਣ ਚਾਹੀਦਾ ਹੈ । ਆਪਣੀ ਪਾਰਟੀ ਦੇ ਚੰਦੇ ਵਿੱਚ ਵਾਧਾ ਕਰਨ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ । ਸਰਕਾਰੀ ਅਦਾਰਿਆਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰ ਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਿਰਫ਼ ਕਿਸਾਨਾਂ ਨੂੰ ਹੀ ਜਿੰਮੇਦਾਰ ਨਾ ਠੇਹਰਾਇਓ । ਬਾਕੀ ਮੁੱਦਿਆਂ ਵੱਲ  ਵੀ ਧਿਆਨ ਦਿਓ । ਜੋ ਇੰਡਸਟਰੀ ਹਵਾ ਪਾਣੀ ਜਾਂ ਜ਼ਮੀਨ ਨੂੰ ਪ੍ਰਦੂਸ਼ਿਤ ਕਰ ਰਾਹੀਂ ਹੈ, ਉਹਨਾਂ ਉਤੇ ਵੀ ਕਾਰਵਾਈ ਕੀਤੀ ਜਾਵੇ । ਸੜਕਾਂ ਦੇ ਸਾਇਡ ਤੇ ਦਰੱਖਤ ਲਗਾਏ ਜਾਣ, ਖਾਲੀ ਸਰਕਾਰੀ ਜ਼ਮੀਨਾਂ ਉਤੇ ਦਰੱਖਤ ਲਗਾਏ ਜਾਂ ਸਕਦੇ ਨੇ । ਨਦੀਆਂ ਦਰਿਆਵਾਂ ਨੂੰ ਪਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ । ਇਸ ਦੇ ਨਾਲ ਹੀ ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਚਾਹੀਦਾ ਹੈ । ਆਪਣੇ ਆਲੇ ਦੁਆਲੇ ਗੰਦਗੀ ਨਾ ਫੈਲਾਓ, ਦਰੱਖਤ ਲਗਾਓ , ਨਦੀਆਂ-ਨਾਲਿਆਂ-ਦਰਿਆਵਾਂ ਵਿੱਚ ਕੋਈ ਵੀ ਸਮਾਨ ਨਾ ਸੁੱਟਿਆ ਜਾਵੇ । ਆਸਥਾ ਆਪਣੀ ਜਗ੍ਹਾ ਹੁੰਦੀ ਹੈ ਸਾਫ ਸਫਾਈ ਆਪਣੀ ਜਗ੍ਹਾ । ਵਿਦੇਸ਼ਾਂ ਵਿੱਚ ਦੇਖੋ ਕਿੰਨੀ ਸਫਾਈ ਹੁੰਦੀ ਹੈ । ਓਥੋਂ ਦੀਆਂ ਨਦੀਆਂ ਇੰਨੀਆਂ ਸਾਫ ਹੁੰਦੀਆ ਨੇ ਕੇ ਪਾਣੀ ਦੇ ਅੰਦਰ ਤਕ ਸਾਫ ਦਿਖਾਈ ਦਿੰਦਾ ਹੈ । ਉੱਥੋਂ ਦੀਆਂ ਸੜਕਾਂ, ਗਲੀਆਂ ਸਾਫ ਸੁਥਰੀਆਂ ਦਿਸਦੀਆਂ ਹਨ । ਤੇ ਅਸੀ ਲੋਕ ਕਹਿੰਦੇ ਹਾਂ ਕੇ ਦੇਖੋ ਯਾਰ ਓਹ ਦੇਸ਼ ਕਿੰਨਾ ਸੋਹਣਾ ਹੈ, ਕਿੰਨੀ ਸਫਾਈ ਹੈ, ਜੇ ਕੋਈ ਗੰਦਗੀ ਫੈਲਾਵੇ ਤਾਂ ਓਸਨੁ ਜੁਰਮਾਨਾ ਹੁੰਦਾ ਹੈ, ਸਾਫ ਸੁਥਰਾ ਦੇਸ਼ ਹੈ ਤਾਂ ਕਿੰਨਾ ਸੋਹਣਾ ਲੱਗਦਾ ਹੈ । ਆਪਣਾ ਦੇਸ਼ ਵੀ ਜੇ ਸਾਫ ਸੁਥਰਾ ਰੱਖੇਂ ਜਾਵੇ ਤਾਂ ਇਹ ਵੀ ਬਹੁਤ ਸੋਹਣਾ ਹੋ ਸਕਦਾ ਹੈ । ਬਸ ਆਪਣੀਆਂ ਆਦਤਾਂ ਸੁਧਾਰੋ । ਜਗ੍ਹਾ ਜਗ੍ਹਾ ਕੂੜਾ ਕਰਕਟ ਨਾ ਸੁੱਟੋ । ਆਪਣਿਆ ਨਦੀਆਂ ਦਰਿਆਵਾਂ ਨੂੰ ਵੀ ਸਾਫ ਰੱਖੋ । ਫਿਰ ਲੋਕ ਆਪਣੇ ਦੇਸ਼ ਦੀ ਵੀ ਤਾਰੀਫ ਕਰਨਗੇ ਤੇ ਆਪਣੀ ਵੀ । ਸਰਕਾਰਾਂ ਵੀ ਆਪਣਾ ਫਰਜ਼ ਸਮਝਣ ਤੇ ਪ੍ਰਦੂਸ਼ਣ ਵੱਲ  ਧਿਆਨ ਦੇਣ । ਸਾਫ ਜ਼ਮੀਨ ਸਾਫ ਪਾਣੀ ਸਾਫ ਹਵਾ ਸਭ ਦੇ ਲਈ ਜ਼ਰੂਰੀ ਨਹੀਂ ਹੈ। ਗੁਰਬਾਣੀ ਵਿੱਚ ਵੀ ਹਵਾ, ਪਾਣੀ ਤੇ ਧਰਤੀ ਨੂੰ ਖਾਸ ਮਹੱਤਤਾ ਦਿੱਤੀ ਗਈ ਹੈ ਤਾਂ ਅਸੀਂ ਕਿਓਂ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਾਂ । ਦੂਜਿਆਂ ਨੂੰ ਦੋਸ਼ ਦੇਣ ਨਾਲੋਂ ਸਰਕਾਰਾਂ ਆਪਣੇ ਰਾਜ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਬਾਰੇ ਸੋਚਣ ਤੇ ਸਹੀ ਕਾਰਵਾਈ ਕਰਨ ਤਾਂ ਜੋ ਹਰ ਦੇਸ਼ਵਾਸੀ ਨੂੰ ਸਾਫ ਹਵਾ, ਪਾਣੀ ਮਿਲ ਸਕੇ । ਜੇ ਮੇਰੀ ਗੱਲ ਬੁਰੀ ਲੱਗੀ ਹੋਵੇ ਜਾਂ ਕਿਸੇ ਨੂ ਚੁੱਭੀ ਹੋਵੇ ਤਾਂ ਮਾਫ਼ੀ । ਪਰ ਜੋ ਸੱਚ ਹੈ ਉਹ ਸੱਚ ਹੀ ਹੈ , ਸਾਨੂੰ ਉਸ ਸੱਚਾਈ ਨੂੰ ਮੰਨ ਲੈਣਾ ਚਾਹੀਦਾ ਹੈ । ਨਹੀਂ ਤਾਂ ਆਉਣ ਵਾਲਾਂ ਸਮਾਂ ਬਹੁਤ ਮਾੜ੍ਹਾਂ ਹੋ ਸਕਦਾ ਹੈ । ਅੱਜ ਦਿੱਲੀ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ, ਕੱਲ ਦੂਜੇ ਰਾਜਾਂ ਵਿੱਚ ਵੀ ਇਹ ਹਾਲਤ ਹੋ ਸਕਦੇ ਨੇ । ਸੋ ਜਰੂਰੀ ਹੈ ਕੇ ਸਰਕਾਰਾਂ ਸਹੀ ਕਦਮ ਚੁੱਕਣ ਤੇ ਗਲੋਬਲ ਵਾੱਰਮਿੰਗ ਨੂੰ ਸੁਧਾਰਾਂ ਵਿੱਚ ਵੀ ਆਪਣਾ ਯੋਗਦਾਨ ਪਾਉਣ ।  

Related Articles

LEAVE A REPLY

Please enter your comment!
Please enter your name here

Latest Articles

2

2