Friday, March 14, 2025

ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨਵੇਂ ਸਾਲ ਸੰਮਤ ਨਾਨਕਸ਼ਾਹੀ ੫੫੭ ਦੀ ਆਮਦ ਉੱਤੇ ਸਿੱਖ ਜਗਤ ਨੂੰ ਵਧਾਈ ਦਿੱਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨਵੇਂ ਸਾਲ ਸੰਮਤ ਨਾਨਕਸ਼ਾਹੀ ੫੫੭ ਦੀ ਆਮਦ ਉੱਤੇ ਸਿੱਖ ਜਗਤ ਨੂੰ ਵਧਾਈ ਦਿੰਦਿਆਂ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਚੇਤ ਤੋਂ ਸੰਮਤ ੫੫੭ ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਂਝ ਰਾਗ ਵਿੱਚ ਬਾਰਹ ਮਾਹਾ ਦੀ ਬਖ਼ਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ ਜਿਵੇਂ ਕੇ ਖੇੜਾ, ਬਿਰਹਾ, ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਬਾਰਹ ਮਾਹਾ ਦਾ ਉਚਾਰਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਵੈਰਾਗ ਤੋਂ ਅਨੁਰਾਗ ਤੱਕ ਦਾ ਸਫ਼ਰ ਦਰਸਾਇਆ ਹੈ। ਇਸ ਧਰਤੀ ’ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਵੀ ਇਨ੍ਹਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਗੁਰੂ ਸਾਹਿਬਾਨ ਦੀ ਵਰੋਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਨਾਂ ਬਾਰਾਂ ਮਹੀਨਿਆਂ ਦੌਰਾਨ ਛੇ ਰੁੱਤਾਂ ਆਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਇਹ ਚੇਤ ਦਾ ਮਹੀਨਾ ਗੋਵਿੰਦ ਦੀ ਅਰਾਧਨਾ ਕਰਨ ਦਾ ਸੁਨੇਹਾ ਦਿੰਦਾ ਹੈ। ਪਰਮਾਤਮਾ ਦੀ ਅਰਾਧਨਾ ਵਿੱਚ ਜੋ ਆਨੰਦ ਹੈ ਉਹ ਕਿਤੇ ਵੀ ਨਹੀਂ। ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ, ਬੋਲੀ, ਸੱਭਿਆਚਾਰ, ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੂੰਹ ਮੋੜ ਲੈਂਦੇ ਹਨ, ਸਮੇਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਜਿਸ ਖੁਸ਼ੀ ਨਾਲ ਅਸੀਂ ਅੰਗ੍ਰੇਜ਼ੀ ਕਲੰਡਰ ਅਨੁਸਾਰ ਨਵਾਂ ਸਾਲ ਗੁਰੂ ਘਰਾਂ ਵਿੱਚ ਸ਼ਿਰਕਤ ਕਰਕੇ ਮਨਾਉਂਦੇ ਹਾਂ, ਸਾਨੂੰ ਆਪਣੇ ਇਸ ਨਵੇਂ ਸਾਲ ਨੂੰ ਉਸ ਨਾਲੋਂ ਵੀ ਵੱਧ ਅਕੀਦਤ ਅਤੇ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਸਾਲ ਅਸੀਂ ਸ਼੍ਰਿਸ਼ਟ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ਼ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ, ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ, ਉਹ ਸਭ ਸੰਗਤਾਂ ਨੂੰ, ਆਪਣੀ ਧਰਤੀ, ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਨਵੇਂ ਨਾਨਕਸ਼ਾਹੀ ਸਾਲ ਸੰਮਤ ੫੫੭ ਦੀ ਵਧਾਈ ਦਿੰਦੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੋਹਣੇ ਖ਼ਾਲਸਾ ਪੰਥ ਦੀ ਸਦੀਵੀ ਚੜ੍ਹਦੀ ਕਲਾ ਲਈ, ਤਨ ਮਨ ਧਨ ਨਾਲ ਸੇਵਾ ਕਰਨ ਦਾ ਬਲ ਬਖਸ਼ਣ।
ਸਿੱਖ ਕੌਮ ਦੇ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਮੌਕ ਉਨ੍ਹਾਂ ਨੂੰ ਯਾਦ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਕੌਮ ਦੇ ਨਾਇਕ ਅਤੇ ਯੋਧੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਨੇ ਆਪਣੀ ਅਣਖ ਨੂੰ, ਗੈਰਤ ਨੂੰ ਕਾਇਮ ਰੱਖਣਾ ਹੈ ਤਾਂ ਇਤਿਹਾਸ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਜਿਹਾ ਨਿਸਚਾ ਅਰਦਾਸ ਵਿੱਚ ਰੱਖਣ ਦੀ ਲੋੜ ਹੈ, ਜਿਨ੍ਹਾਂ ਨੇ ਅਰਦਾਸ ਵਿੱਚ ਭਰੋਸਾ ਕਰਦਿਆਂ ਅਟਕ ਦਰਿਆ ਨੂੰ ਪਾਰ ਕੀਤਾ ਤੇ ਸਿੱਖਾਂ ਦੀ ਚੜ੍ਹਦੀ ਕਲਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਵੀ ਖ਼ਾਲਸਾ ਪੰਥ ਦੇ ਸਾਹਮਣੇ ਬੜੀਆਂ ਚੁਣੌਤੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਨੂੰ ਨਜਿੱਠਣ ਲਈ ਸਾਨੂੰ ਇੱਕਜੁੱਟਤਾ ਨਾਲ ਗੁਰੂ ਦਰ ਉੱਤੇ ਆ ਕੇ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦਾ ਕੋਈ ਅਟਕ ਸਿੱਖਾਂ ਉੱਤੇ ਰੋਕ ਨਹੀਂ ਲਗਾ ਸਕਦਾ ਜੇਕਰ ਅਸੀਂ ਬਾਣੀ ਤੇ ਬਾਣੇ ਦੇ ਨਾਲ ਜੁੜੇ ਹੋਵਾਂਗੇ। ਉਨ੍ਹਾਂ ਕਿਹਾ ਕਿ ਅੱਜ ਦੀ ਸਿੱਖ ਨੌਜਵਾਨੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਲ-ਨਾਲ ਹੋਰ ਸਿੱਖ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਨੂੰ ਆਪਣਾ ਨਾਇਕ ਮੰਨਦਿਆਂ ਉਨ੍ਹਾਂ ਨੂੰ ਆਪਣੇ ਚਿੱਤ ਵਿੱਚ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲੀ ਸ਼ਹਾਦਤਾਂ ਦਿੱਤੀਆਂ।

Related Articles

LEAVE A REPLY

Please enter your comment!
Please enter your name here

Latest Articles