ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਅਪਰਾਧਿਕ ਤੱਤਾਂ ‘ਤੇ ਨਿਗਰਾਨੀ ਜਾਰੀ ਹੈ। ਇਸ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਉਸ ਵੇਲੇ ਪ੍ਰਾਪਤ ਹੋਈ ਜਦੋਂ ਐਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਸੀਆਈਏ ਜੈਤੋ ਦੇ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਇੱਕ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਗੌਰਵ, ਜਿਸਨੂੰ ਲੱਕੀ ਪਟਿਆਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਦਵਿੰਦਰ ਬੰਬੀਹਾ ਗੈਂਗ ਦਾ ਸ਼ੂਟਰ ਮਨਪ੍ਰੀਤ ਸਿੰਘ, ਜਿਸਨੂੰ ਮਨੀ ਕਿਹਾ ਜਾਂਦਾ ਹੈ, ਦੇ ਫਰੀਦਕੋਟ ਦੇ ਇਲਾਕਿਆਂ ਵਿੱਚ ਘੁੰਮਣ ਦੀ ਜਾਣਕਾਰੀ ਮਿਲੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਏਜੀਟੀਐਫ ਅਤੇ ਸੀਆਈਏ ਜੈਤੋ ਨੇ ਪਿੰਡ ਘੁਗਿਆਣਾ ਦੇ ਸਾਦਿਕ ਰੋਡ ‘ਤੇ ਨਾਕਾ ਲਗਾਇਆ। ਇਸ ਦੌਰਾਨ, ਜਦੋਂ ਇਹ ਦੋਸ਼ੀ ਮੋਟਰਸਾਈਕਲ ‘ਤੇ ਆ ਰਿਹਾ ਸੀ, ਪੁਲਿਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸਨੇ ਪੁਲਿਸ ਟੀਮ ‘ਤੇ 2 ਗੋਲੀਆਂ ਚਲਾਈਆਂ, ਜਿਸ ਕਾਰਨ ਉਸਦਾ ਮੋਟਰਸਾਈਕਲ ਵੀ ਡਿੱਗ ਗਿਆ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਇਹ ਦੋਸ਼ੀ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਕੋਲੋਂ ਇੱਕ .30 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਅਤੇ ਉਸਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।
ਮਨਪ੍ਰੀਤ ਸਿੰਘ, ਜਿਸਨੂੰ ਮਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 19 ਫਰਵਰੀ 2025 ਨੂੰ ਪਿੰਡ ਕਪੂਰਾ, ਜ਼ਿਲ੍ਹਾ ਮੋਗਾ ਵਿੱਚ ਹੋਏ ਕਤਲ ਵਿੱਚ ਸ਼ਾਮਲ ਸੀ। ਇਸ ਸਬੰਧ ਵਿੱਚ, 20 ਫਰਵਰੀ 2025 ਨੂੰ ਥਾਣਾ ਮਹਿਣਾ, ਜ਼ਿਲ੍ਹਾ ਮੋਗਾ ਵਿੱਚ ਅਸਲਾ ਐਕਟ ਦੀ ਧਾਰਾ 103, 109, 61 BNS 25(6), 25(7), 25(8) ਦੇ ਤਹਿਤ ਮੁਕੱਦਮਾ ਨੰਬਰ 18 ਦਰਜ ਕੀਤਾ ਗਿਆ। ਇਸ ਤੋਂ ਇਲਾਵਾ, 26 ਫਰਵਰੀ 2025 ਨੂੰ ਰਾਜਾ ਢਾਬਾ ਜਗਰਾਓ ਵਿੱਚ ਹੋਈ ਗੋਲੀਬਾਰੀ ਵਿੱਚ ਵੀ ਇਹ ਸ਼ਾਮਲ ਸੀ, ਜਿਸ ਦੇ ਖਿਲਾਫ 27 ਫਰਵਰੀ 2025 ਨੂੰ ਥਾਣਾ ਸਿਟੀ ਜਗਰਾਓ, ਜ਼ਿਲ੍ਹਾ ਲੁਧਿਆਣਾ ਵਿੱਚ ਅਸਲਾ ਐਕਟ ਦੀ ਧਾਰਾ 125 BNS 25 ਦੇ ਤਹਿਤ ਮੁਕੱਦਮਾ ਨੰਬਰ 41 ਦਰਜ ਕੀਤਾ ਗਿਆ। ਇਸ ਵਿਅਕਤੀ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਦਵਿੰਦਰ ਬੰਬੀਹਾ ਗੈੰਗ ਦਾ ਐਕਟਿਵ ਮੈਂਬਰ ਹੈ। ਇਸ ਦੇ ਖਿਲਾਫ ਪਹਿਲਾਂ ਹੀ 6 ਅਪਰਾਧਿਕ ਮਾਮਲੇ ਦਰਜ ਹਨ।