ਰਾਜ ਸਰਕਾਰ ਹੜਾਂ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵਚਨਬੱਧ : ਲਲਿਤ ਮੋਹਨ ਪਾਠਕ
ਪਿੰਡ ਬੁਰਜ ਟਹਿਲ ਦਾਸ, ਸੈਦਪੁਰ, ਕਨੌਨ ਦੇ ਕਿਸਾਨਾਂ ਆਦਿ ਨੂੰ ਐਸ. ਡੀ. ਐਮ. ਦੀ ਮੌਜੂਦਗੀ ‘ਚ 17,31,535 ਰੁਪਏ ਦੇ ਮੁਆਵਜੇ ਦੇ ਚੈੱਕ ਦਿੱਤੇ
ਨਵਾਂਸ਼ਹਿਰ, 01 ਨਵੰਬਰ(ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਸਮੇਂ ‘ਚ ਸੂਬੇ ਅੰਦਰ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਜ਼ਮੀਨਾਂ ਦੇ ਹੋਏ ਨੁਕਸਾਨ ਬਦਲੇ ਪੰਜਾਬ ਸਰਕਾਰ ਵੱਲੋਂ ਮੁਆਵਜਾ ਦੇਣ ਦੀ ਲੜੀ ਤਹਿਤ ਅੱਜ ਜ਼ਿਲ੍ਹੇ ਦੇ 93 ਕਿਸਾਨਾਂ ਨੂੰ 17 ਲੱਖ ਰੁਪਏ ਤੋਂ ਵੱਧ ਦਾ ਮੁਆਵਜਾ ਤਕਸੀਮ ਕੀਤਾ ਗਿਆ।
ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਐਸ.ਡੀ.ਐਮ. ਅਨਮਜਯੋਤ ਕੌਰ ਦੀ ਮੌਜੂਦਗੀ ਵਿੱਚ ਕਿਸਾਨਾਂ ਨੂੰ ਮੁਆਵਜੇ ਦੇ ਚੈਕ ਦਿੱਤੇ ਗਏ। ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦਿੰਦਿਆ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੁਆਵਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨਾਂ ਨੂੰ 17,31,535
ਰੁਪਏ ਫਸਲਾਂ ਅਤੇ ਜ਼ਮੀਨਾਂ ਦੇ ਨੁਕਸਾਨ ਬਦਲੇ ਮੁਆਵਜੇ ਵਜੋਂ ਦਿੱਤੇ ਗਏ ਹਨ।
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਅੱਜ ਪਿੰਡ ਸੈਦਪੁਰ, ਬੁਰਜ ਟਹਿਲ ਦਾਸ, ਕਨੌਨ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਚੈਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜ੍ਹਤਾਂ ਦੇ ਨੁਕਸਾਨ ਦੀ ਭਰਪਾਈ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬੀਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਕਣਕ ਦਾ 380 ਕੁਇੰਟਲ ਬੀਜ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਅਤੇ ਬਾਕੀ ਇਲਾਕਿਆਂ ਦੇ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ’ਤੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਕੈਪਸ਼ਨ: ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਅਤੇ ਐਸ.ਡੀ.ਐਮ. ਅਨਮਜਯੋਤ ਕੌਰ ਮੁਆਵਜੇ ਦੇ ਚੈਕ ਦਿੰਦੇ ਹੋਏ।


