ਬਲਾਚੌਰ, 13 ਅਕਤੂਬਰ(ਜਤਿੰਦਰਪਾਲ ਸਿੰਘ ਕਲੇਰ )
ਦੇਸ਼ ਅੰਦਰ ਦਿਨੋ ਦਿਨ ਵੱਧ ਰਿਹਾ ਜਾਤੀਗਤ ਵਿਤਕਰਾ ਅਤੇ ਸ਼ੋਸ਼ਣ ਸਮਾਜ ਲਈ ਬਹੁਤ ਹੀ ਨੁਕਸਾਦਾਇਕ ਸਾਬਤ ਹੋਵੇਗਾ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਪਿਛਲੇ ਦਿਨੀ ਇਸ ਸ਼ੋਸ਼ਣ ਅਤੇ ਵਿਤਕਰੇ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ ਜੋ ਬਹੁਤ ਹੀ ਚਿੰਤਾਜਨਕ ਹਨ | ਭਾਰਤ ਦੇ ਮੁੱਖ ਜੱਜ ਦਾ ਅਪਮਾਨ ਕਰਨ ਦੀ ਕੋਸ਼ਿਸ਼ ਅਤੇ ਹਰਿਆਣਾ ਦੇ ਇੱਕ ਪੁਲਿਸ ਅਧਿਕਾਰੀ ਦੀ ਖੁਦਕਸ਼ੀ ਜਾਤੀਗਤ ਵਿਤਕਰੇ ਅਤੇ ਸ਼ੋਸ਼ਣ ਦੀ ਰੋਂਗਟੇ ਖੜੇ ਕਰਨ ਵਾਲੀ ਮਿਸਾਲ ਹੈ | ਪਿਛਲੇ ਦਿਨੀ ਯੂਪੀ ਅੰਦਰ ਦੋ ਬੇਕਸੂਰ ਦਲਿਤ ਨੌਜਵਾਨਾਂ ਦਾ ਜਾਤੀ ਨੂੰ ਆਧਾਰ ਬਣਾ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ | ਸਰਕਾਰਾਂ ਵੱਲੋਂ ਇਸ ਵਿਤਕਰੇ ਅਤੇ ਸ਼ੋਸ਼ਣ ਵਿਰੁੱਧ ਸਮੇਂ ਸਿਰ ਢੁਕਵੀ ਕਨੂੰਨੀ ਕਾਰਵਾਈ ਨਾ ਹੋਣ ਕਰਕੇ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ | ਉਨਾਂ ਮੰਗ ਕੀਤੀ ਕਿ ਜਾਤੀ ਗਤ ਵਿਤਕਰੇ ਦੇ ਸ਼ਿਕਾਰ ਲੋਕਾਂ ਨੂੰ ਤੁਰੰਤ ਇਨਸਾਫ ਦੇਣ ਲਈ ਢੁਕਵੀ ਕਾਰਵਾਈ ਕਰਕੇ ਦੋਸ਼ੀ ਲੋਕਾਂ ਖਿਲਾਫ ਤੁਰੰਤ ਕਨੂੰਨੀ ਕਾਰਵਾਈ ਜਲਦ ਕਰੇ | ਇਸ ਕਾਰਵਾਈ ਦੀ ਨਿਗਰਾਨੀ ਹਾਈਕੋਰਟ ਦੇ ਕਿਸੇ ਜੱਜ ਰਾਹੀਂ ਕਰਵਾਈ ਜਾਵੇ | ਉਹਨਾਂ ਕਿਹਾ ਕਿ ਜੇ ਪੀੜਤ ਧਿਰ ਨੂੰ ਇਨਸਾਫ ਨਾ ਮਿਲਿਆ ਤਾਂ ਲਾਜ਼ਮੀ ਤੌਰ ਤੇ ਲੋਕ ਸੜਕਾਂ ਤੇ ਆਉਣਗੇ ਅਤੇ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਵੇਗੀ | ਇਸ ਲਈ ਲੋਕਾਂ ਨੂੰ ਫੌਰੀ ਇਨਸਾਫ ਦਿੱਤਾ ਜਾਵੇ |


