ਨਵਾਂਸ਼ਹਿਰ /ਬੰਗਾ 11 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਗੁਰਮਤਿ ਪ੍ਰਚਾਰ ਰਾਗੀ ਸਭਾ (ਰਜਿ) ਬੰਗਾ ਵੱਲੋਂ ਗੁਰਦੁਆਰਾ ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ 12 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 4 ਤੋਂ ਰਾਤ 10 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦੇ ਸਮਾਗਮ ਦੇ ਮੁੱਖ ਸੇਵਾਦਾਰ ਭਾਈ ਜੋਗਾ ਸਿੰਘ ਪ੍ਰਧਾਨ ਨੇ ਦੱਸਿਆ ਕਿ ਮਹਾਨ ਕੀਰਤਨ ਦਰਬਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ, ਮੈਨੇਜਰ ਗੁਰਦੁਆਰਾ ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ, ਇਲਾਕੇ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਸਮੂਹ ਇਲਾਕਾ ਨਿਵਾਸੀ ਸਾਧ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਾਲੇ ਗੁਰਬਾਣੀ ਕੀਤਰਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ । ਇਸ ਮੌਕੇ ਕਥਾ ਵਾਚਕ ਗਿਆਨੀ ਸੁਰਜੀਤ ਸਿੰਘ ਸਭਰਾ ਸ੍ਰੀ ਅੰਮ੍ਰਿਤਸਰ ਵਾਲੇ ਗੁਰਬਾਣੀ ਕਥਾ ਕਰਨਗੇ । ਜਿਸ ਦੀ ਆਰੰਭਤਾ ਇਸਤਰੀ ਸਤਿਸੰਗ ਸਭਾ ਦੇ ਮੈਂਬਰਾਂ ਵੱਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਨਾਲ ਹੋਵੇਗੀ। ਭਾਈ ਜੋਗਾ ਸਿੰਘ ਨੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਨੂੰ ਸਮਾਗਮ ਵਿਚ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਕੀਤੀ ਹੈ । ਮਹਾਨ ਕੀਰਤਨ ਸਮਾਗਮ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਭਾਈ ਹਰਮੇਸ਼ ਸਿੰਘ ਜੀਂਦੋਵਾਲ, ਸ. ਕੁਲਜਿੰਦਰਜੀਤ ਸਿੰਘ ਸੋਢੀ, ਗਿਆਨੀ ਸੁਖਵਿੰਦਰ ਸਿੰਘ ਗੋਬਿੰਦਪੁਰੀ, ਭਾਈ ਸੁਖਦੇਵ ਸਿੰਘ ਬੰਗਾ, ਜਥੇਦਾਰ ਤਰਲੋਕ ਸਿੰਘ ਫਲੌਰਾ; ਭਾਈ ਮਨਜੀਤ ਸਿੰਘ, ਭਾਈ ਜੀਤ ਸਿੰਘ ਗੁਣਾਚੌਰ, ਗਿਆਨੀ ਪਲਵਿੰਦਰ ਸਿੰਘ ਹੈੱਡਗ੍ਰੰਥੀ, ਗਿਆਨੀ ਦੇਸਾ ਸਿੰਘ, ਗਿਆਨੀ ਹਜ਼ੂਰ ਸਿੰਘ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ, ਸਤਵੀਰ ਸਿੰਘ ਜੀਂਦੋਵਾਲ ਅਤੇ ਅਮਰਜੀਤ ਸਿੰਘ ਪੂਨੀ ਜੀਂਦੋਵਾਲ ਵੀ ਹਾਜ਼ਰ ਸਨ ।


