ਸਰਦਾਰ ਬਗੀਚਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਨੇ ਜੋ ਸੇਵਾ ਉਨ੍ਹਾਂ ਨੂੰ ਦਿੱਤੀ ਹੈ, ਉਸ ਨੂੰ ਉਹ ਪੂਰੀ ਤਰ੍ਹਾਂ ਨਿਭਾਉਣਗੇ।
ਸਰਦਾਰ ਬਗੀਚਾ ਸਿੰਘ ਨੇ ਸਿੱਖ ਰੈਫਰੈਂਸ ਲਾਈਬ੍ਰੇਰੀ ਵਿੱਚ ਲੰਬੇ ਸਮੇਂ ਤੱਕ ਇੰਚਾਰਜ ਦੇ ਤੌਰ ‘ਤੇ ਕੰਮ ਕੀਤਾ, ਫਿਰ ਮਾਰਚ 2024 ਤੋਂ ਧਾਰਮਿਕ ਪੜਤਾਲਾਂ ਬ੍ਰਾਂਚ ਦੇ ਇੰਚਾਰਜ ਵਜੋਂ ਸੇਵਾ ਕੀਤੀ ਅਤੇ ਹੁਣ 13 ਮਾਰਚ 2025 ਤੋਂ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਵਿਦਿਆਕ ਯੋਗਤਾ ਵਿੱਚ ਐਮ.ਏ ਹਿਸਟਰੀ, ਮਾਸਟਰ ਡਿਗਰੀ ਲਾਈਬ੍ਰੇਰੀ ਸਾਇੰਸ ਅਤੇ ਐਮ ਫਿਲ ਲਾਈਬ੍ਰੇਰੀ ਸਾਇੰਸ ਸ਼ਾਮਲ ਹੈ।
ਇਸ ਤੋਂ ਇਲਾਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ 7 ਮਾਰਚ ਨੂੰ ਹੋਈ, ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ। ਇਸ ਦੌਰਾਨ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਵੀ ਇਸ ਦੇ ਪ੍ਰਭਾਵ ਨੂੰ ਦੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਅਤੇ ਅਕਾਊਂਟ ਕਲਰਕ ਗੁਰਵੇਲ ਸਿੰਘ ਦੀਆਂ ਤੁਰੰਤ ਬਦਲੀਆਂ ਕੀਤੀਆਂ ਗਈਆਂ ਹਨ।