Join
Thursday, March 19, 2026
Thursday, March 19, 2026

ਖੇਤੀਬਾੜੀ ਵਿਭਾਗ ਨੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

ਨਵਾਂਸ਼ਹਿਰ ਬਲਾਕ ‘ਚ ਲਾਇਆ  ਕਿਸਾਨ ਜਾਗਰੂਕਤਾ ਕੈਂਪ 
ਅਗਾਂਹਵਧੂ ਕਿਸਾਨ ਬਾਕੀ ਕਿਸਾਨਾਂ ਲਈ ਰਾਹ ਦਸੇਰੇ

ਨਵਾਂਸ਼ਹਿਰ, 10 ਅਕਤੂਬਰ(ਜਤਿੰਦਰ ਪਾਲ ਸਿੰਘ ਕਲੇਰ ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਨਵਾਂਸ਼ਹਿਰ ਵਲੋਂ ਫ਼ਸਲੀ ਰਹਿੰਦ-ਖੂਹੰਦ ਨਾ ਸਾੜਨ ਲਈ ਚਲਾਈ ਮੁਹਿੰਮ ਤਹਿਤ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ। 

ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਸ਼ਰਮਾ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ  ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਸਾਨ ਪਰਾਲੀ ਨਾ ਸਾੜ ਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਗਾਂਹਵਧੂ ਕਿਸਾਨ ਵਧਾਈ ਦੇ ਪਾਤਰ ਹਨ ਜਿਹੜੇ ਵਾਤਾਵਰਣ ਦੇ ਨਾਲ-ਨਾਲ ਮਿੱਤਰ ਕੀੜਿਆਂ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਨੁੱਖੀ ਸਿਹਤ ਦਾ ਵੀ ਪੂਰਾ ਧਿਆਨ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਰਾਹ-ਦਸੇਰਾ ਹਨ ਜੋ ਇਨ੍ਹਾਂ ਤੋਂ ਸੇਧ ਲੈ ਕੇ ਪਰਾਲੀ ਨਾ ਸਾੜਨ ਦੀ ਸਿਹਤਮੰਦ ਪ੍ਰਕਿਰਿਆ ਨੂੰ ਅਪਨਾ ਕੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾ ਸਕਦੇ ਹਨ। 

ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਜ਼ਮੀਨ ਲਈ ਖੁਰਾਕੀ ਤੱਤਾਂ ਦਾ ਕੁਦਰਤੀ ਸੋਮਾ ਹੈ ਜਿਸਨੂੰ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੋਣ ਦੇ ਨਾਲ-ਨਾਲ ਪ੍ਰਤੀ ਏਕੜ 3 ਹਜ਼ਾਰ ਰੁਪਏ ਤੱਕ ਦੇ ਖੁਰਾਕੀ ਤੱਤ ਵੀ ਖਤਮ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜਾਈ ਲਈ ਬਲਾਕ ਵਿਚ ਹੁਣ ਤੱਕ 450 ਤੋਂ ਵੱਧ ਮਸ਼ੀਨਾਂ ਉਪਲੱਬਧ ਹਨ ਅਤੇ ਕਿਸਾਨਾਂ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। 

ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੇ ਬਦਲ ਵਜੇ ਹੋਰ ਖਾਦਾਂ ਦੀ ਵਰਤੋ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਜੈਕਟ ਡਾਇਰੈਕਟਰ ਆਤਮਾ ਕਮਲਦੀਪ ਸਿੰਘ ਸੰਘਾ ਨੇ ਕਿਸਾਨਾਂ ਨੂੰ ਕੌਮੀ ਕੁਦਰਤੀ ਖੇਤੀ ਮਿਸ਼ਨ ਤਹਿਤ ਬਿਨਾਂ ਜ਼ਹਿਰਾਂ ਤੋਂ ਖੇਤੀ ਕਰਨ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਝੋਨੇ ਦੀਆਂ ਬੀਮਾਰੀਆਂ ਤੇ ਕੀੜਿਆਂ ਦੀ ਰੋਕਥਾਮ ਬਾਰੇ ਵੀ ਦੱਸਿਆ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਪਰਮਵੀਰ ਕੌਰ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨ ਤੋ ਪਹਿਲਾ ਮਿੱਟੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਤਾਂ ਜੋ ਲੋੜ ਮੁਤਾਬਕ ਹੀ ਖਾਦਾਂ ਦੀ ਵਰਤੋ ਕੀਤੀ ਜਾ ਸਕੇ । ਉਨ੍ਹਾਂ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਪੀ ਐਮ ਕਿਸਾਨ ਨਿਧੀ ਸਕੀਮ ਬਾਰੇ ਜਾਣਕਾਰੀ ਦਿੱਤੀ।

ਇੰਜੀਨੀਅਰ ਚੰਦਨ ਸ਼ਰਮਾ ਨੇ ਸੀਮਾਂਤ  ਕਿਸਾਨਾਂ ਨੂੰ ਖੇਤੀ ਮਸ਼ੀਨਰੀ ਕਿਰਾਏ ‘ਤੇ ਲੈਣ ਲਈ ਆਈ- ਖੇਤ ਐਪ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। । ਇਸ ਦੇ ਨਾਲ ਹੀ ਖੇਤੀਬਾੜੀ  ਉਪ ਨਿਰੀਖਕ ਸਰਬਜੀਤ ਸਿੰਘ ਵਲੋਂ ਆਏ ਹੋਏ ਕਿਸਾਨਾਂ ਦੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਮੇਸ਼ ਕੁਮਾਰ, ਸੰਦੀਪ ਸਿੰਘ ਭੰਗਲ ਕਲਾਂ, ਜਸਵੀਰ ਸਿੰਘ ਕਰਿਆਮ,  ਚੰਨਣ ਸਿੰਘ ਜਲਵਾਹਾ, ਗਗਨਦੀਪ ਸਿੰਘ ਮਹਾਲੋਂ, ਜਸਵੀਰ ਸਿੰਘ ਸ਼ਮਸ਼ਪੁਰ, ਮਨਜਿੰਦਰ ਸਿੰਘ ਨਾਈ ਮਜਾਰਾ, ਪ੍ਰਦੀਪ ਸਿੰਘ ਬੀਰੋਵਾਲ,  ਬਲਿਹਾਰ ਸਿੰਘ ਘਟਾਰੋ ਆਦਿ ਕਿਸਾਨ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2