ਬਲਾਚੌਰ, 27 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )- ਜੁਝਾਰੂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨ ਦਲਜੀਤ ਕੌਰ ਧੌਲ ਨੇ ਜਾਣਕਾਰੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਛੇ ਮਹੀਨੇ ਅਪ੍ਰੈਲ ਤੋਂ ਲਗਾਤਾਰ ਅਸੀਂ ਜੋ ਕਿ ਸੈਂਟਰ ਸਰਕਾਰ ਵੱਲੋਂ 4500 ਰੁਪਏ ਆਂਗਣਵਾੜੀ ਵਰਕਰ ਅਤੇ 2250 ਰੁਪਏ ਆਂਗਣਵਾੜੀ ਹੈਲਪਰ ਨੂੰ ਦਿੱਤੇ ਜਾਂਦੇ ਹਨ, ਪਰ ਜਦੋਂ ਤੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ ਸਾਨੂੰ ਸਾਡਾ ਮਾਨ ਭੱਤਾ ਕਦੇ ਵੀ ਟਾਈਮ ਸਿਰ ਨਹੀਂ ਦਿੱਤਾ ਗਿਆ। ਇਸ ਵਾਰ ਤਾਂ ਵਿਭਾਗ ਨੇ ਲਾਪਰਵਾਹੀ ਵਾਲੀ ਹੱਦ ਹੀ ਪਾਰ ਕਰ ਦਿੱਤੀ ਕਿ ਅਪ੍ਰੈਲ ਤੋਂ ਮਾਣ ਭੱਤਾ ਬਿੱਲਕੁਲ ਹੀ ਬੰਦ ਕਰ ਦਿੱਤਾ ਹੈ। ਇੱਕ ਆਂਗਣਵਾੜੀ ਵਰਕਰ ਨੂੰ ਪੋਸ਼ਣ ਟਰੈਕਰ ਦਾ ਕੰਮ ਕਰਨ ਦੇ ਨਿੱਤ ਨਵੇਂ ਫੁਰਮਾਨ ਜਾਰੀ ਕੀਤੇ ਜਾਂਦੇ ਹਨ ਜੋ ਕਿ ਆਂਗਣਵਾੜੀ ਵਰਕਰ ਬਿਨਾਂ ਕਿਸੇ ਸਰਕਾਰੀ ਫੋਨ ਦੇ ਆਪਣੇ ਫੋਨ ਤੇ ਹੀ ਕੀਤੇ ਜਾਂਦੇ ਹਨ ਤੇ ਜਿਸਦਾ ਰੀਚਾਰਜ ਭੱਤਾ ਸਿਰਫ 166 ਰੁਪਏ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਵਿਭਾਗ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਮੀਡੀਆ ‘ਤੇ ਪੰਜਾਬ ਦੀ ਭਲਾਈ ਪ੍ਰਤੀ ਵੱਡੇ-ਵੱਡੇ ਵਾਅਦੇ ਕਰ ਰਹੇ ਹਨ, ਪਰ ਉਹਨਾਂ ਨੂੰ ਆਪਣੇ ਵਿਭਾਗ ਵਿੱਚ ਨਿਗੂਣੇ ਜਿਹੇ ਮਾਨ ਭੱਤੇ ‘ਤੇ ਕੰਮ ਕਰ ਰਹੀਆਂ ਹਜਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਿੱਲਕੁਲ ਨੀ ਦਿਖਾਈ ਦੇ ਰਹੀਆਂ। ਧਿਆਨਯੋਗ ਗੱਲ ਇਹ ਹੈ ਕਿ ਇਸ ਸਕੀਮ ਨੂੰ ਲਾਗੂ ਹੋਇਆ 2 ਅਕਤੂਬਰ 2025 ਨੂੰ ਪੂਰੇ ਪੰਜਾਹ ਸਾਲ ਹੋ ਜਾਣੇ ਹਨ। ਸਾਨੂੰ ਦੇਣਾ ਤਾਂ ਕੁੱਝ ਦੂਰ ਸਾਡਾ ਬਣਦਾ ਮਾਨ ਭੱਤਾ ਵੀ ਇਹ ਬੰਦ ਕਰੀ ਬੈਠੇ ਹਨ। ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ ਧੌਲ ਨੇ ਵਿਭਾਗ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਵਿਭਾਗ ਨੇ ਸੈਂਟਰ ਫੰਡ ਦਾ ਬੱਜਟ ਨਾ ਰਿਲੀਜ ਕੀਤਾ ਤਾਂ ਅੱਜ 28 ਸਤੰਬਰ 2025 ਤੋਂ ਪੋਸ਼ਣ ਟਰੈਕਰ ਦਾ ਕੰਮ ਵਿਭਾਗ ਦੇ ਆਉਦੇ ਹੁਕਮਾਂ ਤੱਕ ਅਤੇ ਬੱਜਟ ਰਿਲੀਜ ਨਾ ਹੋਣ ਤੱਕ ਬੰਦ ਰੱਖਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਉਹਨਾਂ ਕਿਹਾ ਇਹ ਫੈਸਲਾ ਜੁਝਾਰੂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਰੀਮਾ ਰਾਣੀ ਰੋਪੜ ਅਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਿਆ ਗਿਆ ਹੈ।


