ਲੱਖਾਂ ਰੁਪਏ ਦਾ ਹੋਇਆ ਨੁਕਸਾਨ, ਸਰਕਾਰ ਦੇਵੇ ਨੁਕਸਾਨ ਦਾ ਮੁਆਵਜ਼ਾ
ਬਲਾਚੌਰ, 15 ਸਤੰਬਰ – (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਬਹੁ ਗਿਣਤੀ ਜ਼ਿਲ੍ਹਿਆਂ ਅੰਦਰ ਆਏ ਭਿਆਨਕ ਹੜਾਂ ਕਾਰਨ ਜਿੱਥੇ ਸਥਿਤੀ ਬਹੁਤ ਹੀ ਨਾਜੁਕ ਅਤੇ ਗੰਭੀਰ ਬਣੀ ਹੋਈ ਹੈ ਉੱਥੇ ਤਹਿਸੀਲ ਬਲਾਚੌਰ ਦੇ ਪਿੰਡ ਬੰਗਾ ਬੇਟ ਵਿਖੇ ਵੀ ਕੁੱਝ ਕਿਸਾਨਾਂ ਦੀਆਂ ਜਮੀਨਾਂ, ਫਸਲਾਂ ਅਤੇ ਪਾਪੂਲਰ ਦੇ ਬੂਟੇ ਹੜ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਹੜ੍ਹ ਆ ਜਾਣ ਕਾਰਨ ਵੱਖ ਵੱਖ ਕਿਸਾਨਾਂ ਦੇ ਬਹੁ ਗਿਣਤੀ ਖੇਤ, ਝੋਨੇ ਦੀ ਫਸਲ, ਮੱਕੀ ਦੀ ਫਸਲ ਅਤੇ ਪਪੂਲਰਾਂ ਦੇ ਬੂਟੇ ਲਪੇਟ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਜਿੱਥੇ ਜਮੀਨ, ਫਸਲ ਦਾ ਨੁਕਸਾਨ ਹੋ ਗਿਆ ਹੈ ਉਥੇ ਲੱਖਾਂ ਰੁਪਏ ਦੇ ਪਪੂਲਰ ਬੂਟੇ ਜੋ ਕਿ ਕਟਾਈ ਲਈ ਤਿਆਰ ਸਨ ਵੀ ਹੜ੍ਹ ਦੀ ਭੇਂਟ ਚੜ੍ਹ ਗਏ। ਪਿੰਡ ਬੰਗਾ ਬੇਟ ਦੇ ਸਰਪੰਚ ਦਾ ਟ੍ਰੈਕਟਰ ਵੀ ਠੋਕਰ ਤੋਂ ਥੱਲੇ ਉਤਰ ਗਿਆ, ਗਨੀਮਤ ਇਹ ਰਹੀ ਕਿ ਉਹ ਪਾਣੀ ਦੀ ਭੇਟ ਨਹੀਂ ਚੜਿਆ, ਜਿਸ ਨੂੰ ਬੜੀ ਮੁਸ਼ੱਕਤ ਨਾਲ ਖਿੱਚ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਪਹਿਲ ਦੇ ਅਧਾਰ ਤੇ ਗਰਦਾਵਰੀ ਕਰਵਾ ਕੇ ਦਿੱਤਾ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਢਾ ਦਿਨੋ ਦਿਨ ਲੋਕਾਂ ਦੇ ਖੇਤਾਂ ਵੱਲ ਲੱਗਦੀ ਜਾ ਰਹੀ ਹੈ ਲੋਕਾਂ ਦੇ ਖੇਤਾਂ ਦੇ ਵਿੱਚ ਲੱਗੇ ਇੰਜਨ ਬੋਰ ਕੁਝ ਤਾਂ ਪਾਣੀ ਦੀ ਲਪੇਟ ਵਿੱਚ ਆ ਗਏ ਅਤੇ ਕੁਝ ਪਾਣੀ ਦੇ ਨਾਲ ਖਰਾਬ ਹੋ ਚੁੱਕੇ ਹਨ, ਕਈ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਵੀ ਪਾਣੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ।


