ਬਲਾਚੌਰ, 15 ਸਤੰਬਰ – (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸ਼ੁਰੂ ਕੀਤੇ ਹਾੜੀ ਰੁੱਤ ਦੇ ਕਿਸਾਨ ਮੇਲਿਆਂ ਦੀ ਲੜੀ ਵਿਚੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ (ਬਲਾਚੌਰ) ਵਿਖੇ ਆਯੋਜਿਤ ਕੀਤਾ ਜਾਂਦਾ ਕਿਸਾਨ ਮੇਲਾ ਜੋ ਕਿ ਪਹਿਲਾਂ 12 ਸਤੰਬਰ ਨੂੰ ਸੀ ਹੁਣ ਉਹ ਮੌਸਮ ਨੂੰ ਧਿਆਨ ਵਿੱਚ ਰੱਖ ਕੇ 20 ਸਤੰਬਰ, 2025 ਦਿਨ ਸ਼ਨੀਵਾਰ ਨੂੰ ਲਗਾਇਆ ਜਾਵੇਗਾ। ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਤਕਨੀਕੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਉਹਨਾਂ ਦੱਸਿਆ ਕਿ ਮੇਲੇ ਵਿੱਚ ਹਾੜ੍ਹੀ ਦੀਆਂ ਫਸਲਾਂ ਦੀਆਂ ਸੁਧਰੀਆ ਕਿਸਮਾਂ ਦੇ ਬੀਜ, ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਫਲਦਾਰ ਬੂਟਿਆਂ ਦੀ ਵਿਕਰੀ ਵੀ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵੱਲੋਂ ਪਸ਼ੂ ਭਲਾਈ ਕੈਂਪ ਵੀ ਲਾਇਆ ਜਾਵੇਗਾ, ਜਿਸ ਵਿੱਚ ਬੀਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ ਨੇ ਇਲਾਕਾ ਵਾਸੀਆਂ ਨੂੰ ਮੇਲੇ ਦਾ ਭਰਪੂਰ ਫਾਇਦਾ ਲੈਣ ਲਈ ਹੁੰਮ-ਹੁੰਮਾ ਕੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ।


