ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ 12 ਮਾਰਚ ਨੂੰ ਪੰਜਾਬ ਵਿਜ਼ਨ 2047 ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਨੂੰ “ਪੰਜਾਬ ਵਿਜ਼ਨ – ਏ ਬਲੂ ਪ੍ਰਿੰਟ ਫਾਰ ਪ੍ਰੋਗਰੈਸ” ਦਾ ਨਾਮ ਦਿੱਤਾ ਗਿਆ। ਰਿਪੋਰਟ ਵਿੱਚ ਖੇਤੀਬਾੜੀ ਸੈਕਟਰ ਲਈ ਕਈ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਲੰਬੇ ਸਮੇਂ ਵਿੱਚ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਕਲੀ ਤਕਨਾਲੋਜੀ (AI) ਵਿਕਸਿਤ ਕਰਨਾ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਮਿਡ-ਡੇ-ਮੀਲ ਵਿੱਚ ਬਾਜਰੇ ਨੂੰ ਸ਼ਾਮਲ ਕਰਨ ਅਤੇ 5 ਕਿਲੋ ਰਾਸ਼ਨ ਸਕੀਮ ਵਿੱਚ ਬਾਜਰਾ ਮੁਹੱਈਆ ਕਰਵਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਡਾ: ਸਾਹਨੀ ਦੀ ਰਿਪੋਰਟ ਦੇ ਮੁੱਖ ਚਾਰ ਨੁਕਤੇ
1. ਕਿਸਾਨਾਂ ਲਈ ਚੈਟ ਬਾਕਸ ਸ਼ੁਰੂ ਕੀਤਾ ਗਿਆ
ਡਾ: ਸਾਹਨੀ ਨੇ ਕਿਹਾ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ ਨੂੰ ਟਿਕਾਊ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਵਿਕਸਿਤ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਮਦਦ ਲਈ ਏਆਈ-ਅਧਾਰਿਤ ਚੈਟਬਾਕਸ ਸ਼ੁਰੂ ਕਰਨੇ ਚਾਹੀਦੇ ਹਨ। ਫੂਡ ਪ੍ਰੋਸੈਸਿੰਗ ਪਾਰਕ ਸਥਾਪਤ ਕਰਨਾ ਬਹੁਤ ਜ਼ਰੂਰੀ ਹੈ। ਇਹ ਪਾਰਕ ਪਿੰਡਾਂ ਦੇ ਸਮੂਹਾਂ ਵਿੱਚ ਬਹੁਮੰਤਵੀ ਸਹਿਕਾਰੀ ਸਭਾਵਾਂ ਰਾਹੀਂ ਬਣਾਏ ਜਾਣੇ ਚਾਹੀਦੇ ਹਨ। ਇਨ੍ਹਾਂ ਪਾਰਕਾਂ ਵਿੱਚ ਸਟੋਰੇਜ ਅਤੇ ਪ੍ਰੋਸੈਸਿੰਗ ਸੁਵਿਧਾਵਾਂ, ਤੇਲ ਕੱਢਣ ਵਾਲੇ ਯੂਨਿਟ, ਆਟਾ ਮਿੱਲਾਂ, ਮਸਾਲੇ, ਦਾਲਾਂ, ਸ਼ਹਿਦ ਅਤੇ ਖੁੰਬਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
2. ਫਸਲਾਂ ਲਈ ਕਲੱਸਟਰ ਬਣਾਏ ਜਾਣੇ ਚਾਹੀਦੇ ਹਨ
ਕਿਸਾਨਾਂ ਨੂੰ ਮਾਰਕਫੈੱਡ ਅਤੇ ਪੰਜਾਬ ਐਗਰੋ ਵਰਗੀਆਂ ਸੰਸਥਾਵਾਂ ਰਾਹੀਂ ਮੰਡੀ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਫ਼ਸਲ-ਵਿਸ਼ੇਸ਼ ਕਲੱਸਟਰ ਬਣਾਉਣ ਦਾ ਸੁਝਾਅ ਦਿੱਤਾ, ਤਾਂ ਜੋ ਹਰ ਖੇਤਰ ਵਿੱਚ ਯੋਗ ਫ਼ਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਮੁਤਾਬਕ ਮਾਲਵੇ ਵਿੱਚ ਦਾਲਾਂ, ਤੇਲ ਬੀਜਾਂ ਅਤੇ ਕਪਾਹ, ਦੁਆਬੇ ਵਿੱਚ ਗੰਨਾ, ਹੁਸ਼ਿਆਰਪੁਰ ਵਿੱਚ ਮੱਕੀ, ਕਪੂਰਥਲਾ ਵਿੱਚ ਡੇਅਰੀ ਵਿਕਾਸ, ਲੁਧਿਆਣਾ ਵਿੱਚ ਫਲੋਰੀਕਲਚਰ, ਪਠਾਨਕੋਟ ਵਿੱਚ ਲੀਚੀ ਅਤੇ ਫਿਰੋਜ਼ਪੁਰ ਵਿੱਚ ਮਿਰਚਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
3. ਫੋਕਲ ਪੁਆਇੰਟਾਂ ਦਾ ਆਧੁਨਿਕੀਕਰਨ
ਵਪਾਰ ਅਤੇ ਉਦਯੋਗ ਬਾਰੇ ਗੱਲ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਉਦਯੋਗਿਕ ਖੇਤਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ। ਲੁਧਿਆਣਾ, ਜਲੰਧਰ, ਮੋਹਾਲੀ ਅਤੇ ਅੰਮ੍ਰਿਤਸਰ ਦੇ ਫੋਕਲ ਪੁਆਇੰਟਾਂ ਦਾ ਆਧੁਨਿਕੀਕਰਨ ਕਰਨਾ ਬਹੁਤ ਜ਼ਰੂਰੀ ਹੈ। ਰਾਜਪੁਰਾ ਇੰਡਸਟਰੀਅਲ ਏਰੀਆ ਵਿੱਚ ਇਸ ਸਾਲ ਦੇ ਅੰਤ ਤੱਕ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਹੈ। ਡਾ. ਸਾਹਨੀ ਨੇ ਸੁਝਾਅ ਦਿੱਤਾ ਕਿ ਐਸਟੀਪੀਆਈ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਆਈਟੀ ਹੱਬ ਅਤੇ ਬੀਪੀਓਜ਼ ਸਥਾਪਤ ਕੀਤੇ ਜਾ ਸਕਣ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਤੋਂ ਯੋਗ ਆਈ.ਟੀ. ਪੇਸ਼ੇਵਰ ਬੇਂਗਲੁਰੂ ਅਤੇ ਹੈਦਰਾਬਾਦ ਜਾ ਰਹੇ ਹਨ। ਜੇ ਪੰਜਾਬ ਵਿੱਚ ਆਈ.ਟੀ ਸੈਕਟਰ ਨੂੰ ਸਹੀ ਢੰਗ ਨਾਲ ਵਿਕਸਿਤ ਕੀਤਾ ਜਾਵੇ ਤਾਂ ਇਹ ਸੂਬੇ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 5 ਵਰਲਡ ਕਲਾਸ ਸਕਿੱਲ ਸੈਂਟਰ ਸਥਾਪਿਤ ਕੀਤੇ ਹਨ ਅਤੇ 10 ਆਈ.ਟੀ.ਆਈ.ਨੂੰ ਅਡਾਪਟ ਕੀਤਾ ਹੈ।
4. ਪਾਣੀ ਲਈ ਚੌਲਾਂ ਦੀ ਤਕਨੀਕ ‘ਤੇ ਹੋਵੇ ਕੰਮ
ਡਾ. ਸਾਹਨੀ ਨੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਾਣੀ ਵਿਚ ਆਰਸੈਨਿਕ ਅਤੇ ਹੋਰ ਹਾਨੀਕਾਰਕ ਤੱਤਾਂ ਦੀ ਮੌਜੂਦਗੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਸਮੱਸਿਆ ਦੇ ਹੱਲ ਲਈ ਸਾਨੂੰ ਡਾਇਰੈਕਟਰ ਸੀਡੇਡ ਰਾਈਸ ਤਕਨੀਕ ਤੇ ਮਾਈਕ੍ਰੋ ਇਰੀਗੇਸ਼ਨ ਸਿਸਟਮ ਅਪਣਾਉਣਾ ਚਾਹੀਦਾ ਹੈ। ਸੂਬਾ ਸਰਕਾਰ ਦੀ ਨਸ਼ੇ ਖਿਲਾਫ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਡਾ. ਸਾਹਨੀ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਵਿਚ ਹੁਨਰ ਸਿਖਲਾਈ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ। ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਸੂਰਜੀ ਊਰਜਾ ਵਿੱਚ ਨਿਵੇਸ਼ ਕਰਨਾ ਜ਼ਰੂਰੀ ਹੈ, ਤਾਂ ਜੋ ਮੁਫ਼ਤ ਬਿਜਲੀ ਲਈ ਦਿੱਤੀ ਜਾਂਦੀ ਸਬਸਿਡੀ ਦੀ ਸਹੀ ਵਰਤੋਂ ਕੀਤੀ ਜਾ ਸਕੇ।
ਪੰਜਾਬ ਵਿਜ਼ਨ 2047 ਨੂੰ ਤਿਆਰ ਕਰਨ ਲਈ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ 12 ਅਤੇ 13 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮੇਂ ਦੌਰਾਨ, ਸ਼ਾਸਨ ਦੀਆਂ ਚੁਣੌਤੀਆਂ, ਖੇਤੀਬਾੜੀ ਸੁਧਾਰਾਂ ਅਤੇ ਉਦਯੋਗਿਕ ਵਿਕਾਸ ਵਰਗੇ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਦਿੱਤਾ ਗਿਆ।
ਪੰਜਾਬ ਦੇ ਕੈਬਨਿਟ ਮੰਤਰੀਆਂ ਡਾ. ਬਲਬੀਰ ਸਿੰਘ, ਬਲਜੀਤ ਕੌਰ, ਗੁਰਮੀਤ ਸਿੰਘ, ਹਰਭਜਨ ਸਿੰਘ ਈ.ਟੀ.ਓ ਅਤੇ ਤਰੁਣ ਪ੍ਰੀਤ ਸਿੰਘ ਸੌਂਦ ਨੇ ਇਜਲਾਸਾਂ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ ਗੌਰਵ ਯਾਦਵ, ਤੇਜਵੀਰ ਸਿੰਘ ਅਤੇ ਅਜੇ ਸਿਨਹਾ ਸਮੇਤ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਪੈਨਲਿਸਟ ਵਜੋਂ ਹਿੱਸਾ ਲਿਆ। ਸਮਾਜ ਸੇਵੀ ਖੇਤੀ ਮਾਹਿਰ ਦਵਿੰਦਰ ਸ਼ਰਮਾ ਅਤੇ ਰਮੇਸ਼ ਇੰਦਰ ਸਿੰਘ ਅਤੇ ਸਨਅਤਕਾਰਾਂ ਅੰਮ੍ਰਿਤ ਸਾਗਰ ਮਿੱਤਲ, ਰਜਿੰਦਰ ਗੁਪਤਾ ਅਤੇ ਪੀ.ਜੇ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।