ਨਵੀਂ ਦਿੱਲੀ: ਕਾਂਗਰਸ ਦੇ ਮੈਂਬਰ ਕੇ.ਸੀ. ਵੇਣੂਗੋਪਾਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਅਨੁਰਾਗ ਠਾਕੁਰ ਨੇ ਬੁਧਵਾਰ ਨੂੰ ਦੇਸ਼ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਬਾਰੇ ਚਰਚਾ ਕੀਤੀ ਅਤੇ ਇਸ ਨਾਲ ਨਜਿੱਠਣ ਲਈ ਇਕੱਠੇ ਹੋ ਕੇ ਲੜਨ ਦੀ ਅਪੀਲ ਕੀਤੀ।
ਸਿਫ਼ਰ ਕਾਲ ਦੌਰਾਨ, ਵੇਣੂਗੋਪਾਲ ਨੇ ਖਾਸ ਕਰਕੇ ਆਪਣੇ ਘਰੇਲੂ ਸੂਬੇ ਕੇਰਲ ਵਿੱਚ ਨਸ਼ਿਆਂ ਦੀ ਸਮੱਸਿਆ ਉੱਪਰ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਅਤੇ ਸਾਰੇ ਹਿੱਸੇਦਾਰਾਂ ਨੂੰ ਇਸ ਮਾਮਲੇ ‘ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, “ਹਰ ਰੋਜ਼ ਸਵੇਰੇ, ਅਸੀਂ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਦੀਆਂ ਰੀਪੋਰਟਾਂ ਸੁਣਦੇ ਹਾਂ। ਮਾਪੇ ਅਤੇ ਅਧਿਆਪਕ ਪਰੇਸ਼ਾਨ ਹਨ। ਸਮਾਜ ਪਰੇਸ਼ਾਨ ਹੈ।” ਵੇਣੂਗੋਪਾਲ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੇਰਲ ਵਿੱਚ ਨਸ਼ੀਲੇ ਪਦਾਰਥਾਂ ਨਾਲ ਜੁੜੇ 63 ਕਤਲ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਪਿਤਾ, ਭਰਾ ਅਤੇ ਭੈਣਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਕਾਂਗਰਸ ਦੇ ਮੈਂਬਰ ਨੇ ਫਿਲਮਾਂ ਵਿੱਚ ਹਿੰਸਾ ਨੂੰ ਪ੍ਰਸਿੱਧ ਕਰਨ ‘ਤੇ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਇਹ ਬੱਚਿਆਂ ‘ਤੇ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਧਿਆਪਕਾਂ, ਭਾਈਚਾਰੇ ਦੇ ਨੇਤਾਵਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਤੁਰੰਤ ਕਾਰਵਾਈ ਕਰਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਅਨੁਰਾਗ ਠਾਕੁਰ ਨੇ ਵੀ ਵੇਣੂਗੋਪਾਲ ਦੇ ਵਿਚਾਰਾਂ ਦਾ ਸਮਰਥਨ ਕੀਤਾ। ਸਾਬਕਾ ਕੇਂਦਰੀ ਮੰਤਰੀ ਠਾਕੁਰ ਨੇ ਕਿਹਾ, “ਵੇਣੂਗੋਪਾਲ ਜੀ ਵਲੋਂ ਉਠਾਇਆ ਗਿਆ ਮੁੱਦਾ ਬਹੁਤ ਗੰਭੀਰ ਹੈ। ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਮਾਜ ਨੂੰ ਮਿਲ ਕੇ ਨਸ਼ਿਆਂ ਵਿਰੁਧ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਨਸ਼ਿਆਂ ਦਾ ਖਾਤਮਾ ਕਰ ਸਕੀਏ ਅਤੇ ਆਪਣੇ ਨੌਜਵਾਨਾਂ ਨੂੰ ਬਚਾ ਸਕੀਏ।”