ਕਿਹਾ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ, ਆਫ਼ਤ ਵੇਲੇ ਲੋਕਾਂ ਦੀ ਜਾਨ–ਮਾਲ ਦੀ ਰਾਖੀ ਲਈ ਲਾਈ ਪੂਰੀ ਵਾਹ
ਬਲਾਚੌਰ4 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਜਾਇਜ਼ਾ ਲੈਣ ਸਮੇਂ ਚੱਲ ਰਹੇ ਬੰਨ੍ਹ ਦੀ ਮਜਬੂਤੀ ਦੇ ਕਾਰਜਾਂ ਵਿੱਚ ਸੰਗਤ ਨਾਲ ਜੁਟ ਕੇ ਕੰਮ ਕਰਨ ਤੋਂ ਇਲਾਵਾ ਬੀਤੇ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਜਖਮੀ ਹੋਏ ਨੌਜਵਾਨ ਦਾ ਹਾਲ ਜਾਣਿਆ ਅਤੇ ਕਿਹਾ ਕਿ ਪੰਜਾਬੀਆਂ ਦੇ ਜਜ਼ਬੇ ਨੂੰ ਹਮੇਸ਼ਾਂ ਸਲਾਮ ਹੈ।
ਨੇੜਲੇ ਪਿੰਡ ਦੋਭਾਲੀ ਵਾਸੀ ਨੌਜਵਾਨ ਮੋਹਨ ਲਾਲ ਦੀ ਸਿਹਤ ਦਾ ਹਾਲ ਜਾਣਦਿਆਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬੀਆਂ ਦੀ ਸੇਵਾ ਭਾਵਨਾ ਦੇਸ਼–ਦੁਨੀਆਂ ਵਿੱਚ ਜਾਣੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਪੰਜਾਬ ਵਿੱਚ ਆਏ ਸੰਕਟ ਦੌਰਾਨ ਅਜਿਹੇ ਨੌਜਵਾਨਾਂ ਨੇ ਲੋਕਾਂ ਦੇ ਜਾਨ–ਮਾਲ ਦੀ ਰਾਖੀ ਲਈ ਪੂਰੀ ਵਾਹ ਲਾਈ ਹੋਈ ਹੈ ਜੋ ਕਿ ਬੇਹੱਦ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨਾਲ ਅਜਿਹੇ ਹਾਲਾਤ ਵਿੱਚ ਮੋਢੇ ਨਾਲ ਮੋਢਾ ਲਾਉਣਾ ਪੰਜਾਬੀਆਂ ਦੇ ਵੱਡੇਪਨ ਦੀ ਨਿਸ਼ਾਨੀ ਹੈ ਜਿਸ ‘ਤੇ ਹਰ ਪੰਜਾਬੀ ਨੂੰ ਪੂਰਾ ਮਾਣ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਡੀ.ਐਮ ਕ੍ਰਿਤਿਕਾ ਗੋਇਲ ਅਤੇ ਸੰਗਤ ਸਮੇਤ ਲੰਗਰ ਛਕਣ ਦੇ ਨਾਲ–ਨਾਲ ਨੌਜਵਾਨਾਂ ਨਾਲ ਰਾਹਤ ਕਾਰਜਾਂ ਵਿੱਚ ਵੀ ਸਾਂਝ ਪਾਈ।
ਕੈਪਸ਼ਨ: ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਪਿੰਡ ਦੋਭਾਲੀ ਵਾਸੀ ਮੋਹਨ ਲਾਲ, ਜੋ ਬੰਨ੍ਹ ਦੀ ਮਜਬੂਤੀ ਦੇ ਕੰਮ ਦੌਰਾਨ ਜਖਮੀ ਹੋ ਗਏ ਸਨ, ਦਾ ਹਾਲਚਾਲ ਜਾਣਿਆ।


