Join
Tuesday, March 24, 2026
Tuesday, March 24, 2026

 ਸਰਕਾਰਾਂ ਪਿੰਡਾਂ ਤੇ ਹਮਲੇ ਕਰਨਾ ਬੰਦ ਕਰਨ-  ਤਰਸੇਮ ਯੋਧਾਂ 

ਨਵਾਸ਼ਹਿਰ , 30 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਜੇਕਰ ਕਾਰਪੋਰੇਟ ਲਗਾਤਾਰ ਪੰਜਾਬ ਦੇ ਪਿੰਡਾਂ ‘ਤੇ ਸਰਕਾਰਾਂ ਰਾਹੀਂ ਹਮਲੇ ਕਰ ਰਿਹਾ ਹੈ ਤਾਂ ਫਿਰ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਨੌਜਵਾਨਾਂ ਤੇ ਮੁਲਾਜ਼ਮਾਂ ਨੂੰ ਵੀ ਇੱਕਮੁੱਠ ਹੋ ਕੇ ਲਗਾਤਾਰ ਇਸ ਹਮਲੇ ਦਾ ਮੁਕਾਬਲਾ ਕਰਨ ਲਈ ਵਿਸ਼ਾਲ ਸੰਘਰਸ਼ ਸ਼ੁਰੂ ਕਰਨਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਤਰਸੇਮ ਸਿੰਘ ਯੋਧਾਂ ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਕਾਮਰੇਡ ਯੋਧਾਂ ਅੱਜ ਇੱਥੇ ਪਿੰਡ ਟੌਂਸਾ ਵਿਖੇ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਦੇ ਗ੍ਰਹਿ ਵਿਖੇ ਪਹੁੰਚੇ ਸਨ। 

        ਸਾਥੀ ਯੋਧਾਂ ਨੇ ਕਿਹਾ ਕਿ ਪੰਜਾਬੀਆਂ ਦੇ ਏਕੇ ਨੇ ਅਤੇ ਸੰਘਰਸ਼ਾਂ ਨੇ ਪੰਜਾਬ ਸਰਕਾਰ ਨੂੰ ਲੋਕ ਵਿਰੋਧੀ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਨ ਲਈ ਮਜਬੂਰ ਕੀਤਾ । ਹੁਣ ਫਿਰ ਕਾਰਪੋਰੇਟਾਂ ਅਤੇ ਪੂੰਜੀਪਤੀਆਂ ਨੇ ਪਿੰਡਾਂ ਦੀ ਸ਼ਾਮਲਾਤ ਤੇ ਪੰਚਾਇਤੀ ਜਮੀਨ ਨੂੰ ਹੜੱਪਣ ਲਈ ਪੰਜਾਬ ਸਰਕਾਰ ਰਾਹੀਂ ਹੁਕਮ ਜਾਰੀ ਕਰਵਾ ਦਿੱਤੇ ਹਨ। ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹਨਾਂ ਜਮੀਨਾਂ ਨੂੰ ਸਰਕਾਰ ਦੇ ਹਵਾਲੇ ਕਰਨ ਲਈ ਮਤੇ ਪਾਉਣ ਲਈ ਕਿਹਾ ਗਿਆ ਹੈ। ਪੰਚਾਇਤਾਂ ਤੋਂ ਮਤੇ ਪ੍ਰਾਪਤ ਕਰਕੇ ਪਿੰਡਾਂ ਦੀਆਂ ਸਾਂਝੀਆਂ ਜਮੀਨਾਂ ਅਤੇ ਸ਼ਾਮਲਾਤ ਜਮੀਨਾਂ ਨੂੰ ਕਾਰਪੋਰੇਟਾਂ ਨੂੰ ਦੇਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਪੰਜਾਬ ਸਰਕਾਰ ਨੂੰ ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਅਜਿਹੇ ਲੋਕ ਵਿਰੋਧੀ ਫੈਸਲੇ ਨਾ ਕਰੇ। ਸਰਕਾਰ ਦੇ ਇਸ ਫੈਸਲੇ ਦਾ ਪਿੰਡਾਂ ਦੇ ਲੋਕਾਂ ਤੇ ਮਾਰੂ ਅਸਰ ਪਵੇਗਾ ਅਤੇ ਸਾਂਝੇ ਕਾਰਜਾਂ ਲਈ ਰੱਖੀਆਂ  ਰਿਜ਼ਰਵ ਜਮੀਨਾਂ ਖਤਮ ਹੋ ਜਾਣਗੀਆਂ। ਉਹਨਾਂ ਪੰਜਾਬ ਦੇ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਦਬਾਅ ਹੇਠ ਆ ਕੇ ਸਾਂਝੀਆਂ ਅਤੇ ਸ਼ਾਮਲਾਤ ਜਮੀਨਾਂ ਦੇ ਮਤੇ ਸਰਕਾਰ ਜਾਂ ਕਿਸੇ ਹੋਰ ਦੇ ਹੱਕ ਵਿੱਚ ਨਾ ਪਾਉਣ। ਇਸ ਦੇ ਨਾਲ ਹੀ ਉਹਨਾਂ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਕਿਹਾ ਕਿ ਉਹ ਪਿੰਡਾਂ ਦੀ ਜਮੀਨ ਦੀ ਰਾਖੀ ਕਰਨ ਲਈ ਚੌਕਸ ਹੋ ਕੇ ਅੱਗੇ ਆਉਣ। ਉਹਨਾਂ ਵਿਸ਼ਵਾਸ ਦਵਾਇਆ ਕਿ ਲੋਕਾਂ ਦੇ ਸੰਘਰਸ਼ਾਂ ਦੀ ਹਰ ਮਦਦ ਕੀਤੀ ਜਾਵੇਗੀ ਅਤੇ ਬਾਕੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਵੀ ਨਾਲ ਲਿਆ ਜਾਵੇਗਾ। 

      ਸਾਥੀ ਜੋਧਾਂ ਨੇ ਪਿੰਡਾਂ ਵਿੱਚ ਮਨਰੇਗਾ ਰੋਜ਼ਗਾਰ ਤੇ ਕੀਤੇ ਜਾ ਰਹੇ ਸਰਕਾਰੀ ਹਮਲੇ ਵਿਰੁੱਧ ਪਿੰਡਾਂ ਦੇ ਕਿਸਾਨਾਂ -ਮਜ਼ਦੂਰਾਂ ਦੀ ਇੱਕਜੁੱਟਤਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੇ ਮਨਰੇਗਾ ਕਿਰਤੀ ਆਪਣੀਆਂ ਆਪਣੀਆਂ ਜਥੇਬੰਦੀਆਂ ਰਾਹੀਂ ਰੋਜ਼ਗਾਰ ਪ੍ਰਾਪਤੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ। ਮਨਰੇਗਾ ਕਿਰਤੀਆਂ ਨੂੰ ਭਾਈ ਲਾਲੋ ਲੋਕ ਮੰਚ ਪੰਜਾਬ ਵੱਲੋਂ ਅਤੇ ਹੋਰ ਇਨਸਾਫ ਪਸੰਦ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਹਰ ਤਰਾਂ ਦੀ ਅਗਵਾਈ ਅਤੇ ਮਦਦ ਕੀਤੀ ਜਾਵੇਗੀ ਕਿਉਂਕਿ ਪਿੰਡਾਂ ਦੇ ਲੋਕ ਹੁਣ ਆਪਣੀ ਜਮੀਨ ਬਚਾਉਣ ਅਤੇ ਰੋਜ਼ਗਾਰ ਬਚਾਉਣ ਲਈ ਜਾਗਰਿਤ ਤੇ ਇੱਕਮੁੱਠ ਹਨ, ਇਸ ਲਈ ਸਰਕਾਰ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। 

     ਸਾਥੀ ਯੋਧਾਂ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਹੜਾਂ ਕਾਰਨ 3 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋ ਚੁੱਕੀ ਹੈ ਅਤੇ ਲੋਕਾਂ ਦੇ ਹਜ਼ਾਰਾਂ ਘਰ ਅਤੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਾ ਹੈ। ਹੜਾਂ ਨੂੰ ਰੋਕਣ ਲਈ ਕੀਤੇ ਸਰਕਾਰੀ ਪ੍ਰਬੰਧ ਨਾ ਕਾਫੀ ਸਾਬਤ ਹੋਏ ਹਨ। ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਬਾਂਹ ਫੜੀ ਜਾਵੇ ਅਤੇ ਉਹਨਾਂ ਦੀ ਹਰ ਮਦਦ ਕੀਤੀ ਜਾਵੇ। 

       ਇਸ ਮੌਕੇ ਜਥੇਬੰਦੀ ਦੇ ਸੁਬਾਈ ਆਗੂ ਕੇਵਲ ਸਿੰਘ, ਹਜ਼ਾਰਾ ਜਲੰਧਰ, ਕਰਨ ਸਿੰਘ ਰਾਣਾ, ਚਰਨਜੀਤ ਸਿੰਘ ਲੁਧਿਆਣਾ, ਪ੍ਰਕਾਸ਼ ਸਿੰਘ ਹਿਸੋਵਾਲ, ਗੁਰਪ੍ਰੀਤ ਸਿੰਘ ਸੰਗਰੂਰ, ਪਰਮਜੀਤ ਸਿੰਘ ਘਨੌਰ, ਹਰਜਿੰਦਰ ਸਿੰਘ ਕਾਲਾ ਮਲੇਰ ਕੋਟਲਾ ਅਤੇ ਡਾ. ਪਰਮਜੀਤ ਸਿੰਘ ਆਦਿ ਵੀ ਹਾਜਰ ਸਨ।

ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ 

Related Articles

LEAVE A REPLY

Please enter your comment!
Please enter your name here

Latest Articles

2

2