ਮਾਨਸੂਨ ਸੀਜ਼ਨ ਦੌਰਾਨ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਹਾਈਵੇ, ਖਾਸ ਕਰਕੇ ਸ਼ਹਿਰੀ ਖੇਤਰ ਦੀਆਂ ਸਲਿੱਪ ਸੜਕਾਂ ’ਤੇ ਜਮ੍ਹਾ ਪਾਣੀ ਦੀ ਤੁਰੰਤ ਨਿਕਾਸੀ ਕਰਨ ਲਈ ਕਿਹਾ
ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਸੂਨ ਸੀਜ਼ਨ ਦੌਰਾਨ ਰਾਹਗੀਰਾਂ ਨੂੰ ਰਾਹਤ ਪਹੁੰਚਾਉਣ ਲਈ ਹਾਈਵੇ, ਖਾਸ ਕਰਕੇ ਸ਼ਹਿਰੀ ਖੇਤਰ ਦੀਆਂ ਸਲਿੱਪ ਸੜਕਾਂ ’ਤੇ ਜਮ੍ਹਾ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਵੇ।
ਪੰਜਾਬ ਸੜਕ ਸਫਾਈ ਮਿਸ਼ਨ ਤਹਿਤ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸੁਚਾਰੂ ਡਰੇਨੇਜ ਅਤੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਜਲੰਧਰ ਵਿੱਚੋਂ ਲੰਘਣ ਵਾਲੇ ਹਾਈਵੇ ਦੇ ਨਾਲ-ਨਾਲ ਮੀਂਹ ਦੇ ਪਾਣੀ ਦੇ ਚੈਂਬਰਾਂ ਦੀ ਜਾਂਚ ਅਤੇ ਸਫਾਈ ਕਰਨ ਲਈ ਕਿਹਾ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਲਿੱਪ ਸੜਕਾਂ ’ਤੇ ਨਜ਼ਰ ਰੱਖੀ ਜਾਵੇ, ਜੋ ਖਾਸ ਕਰਕੇ ਭਾਰੀ ਬਰਸਾਤ ਵਿੱਚ ਪਾਣੀ ਵਿੱਚ ਡੁੱਬ ਜਾਂਦੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੇ ਗਏ ਪੰਜਾਬ ਸੜਕ ਸਫਾਈ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਅਧਿਕਾਰੀਆਂ ਵੱਲੋਂ ਗੋਦ ਲਈਆਂ ਗਈਆਂ 51 ਪ੍ਰਮੁੱਖ ਸੜਕਾਂ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਇਨ੍ਹਾਂ ਸੜਕਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਗੋਦ ਲਈਆਂ ਗਈਆਂ ਸੜਕਾਂ ਦੇ ਨਿਯਮਿਤ ਦੌਰੇ ਕਰਨ ਅਤੇ ਇਨ੍ਹਾਂ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਸਰਗਰਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ।


