24 ਨੂੰ ਜਿੱਤ ਰੈਲੀ ਸਮਰਾਲੇ ‘ਚ’
ਨਵਾਂਸ਼ਹਿਰ /ਕਾਠਗੜ੍ਹ 22 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬੀਆਂ ਨੇ ਸੰਘਰਸ਼ਾਂ ਰਾਹੀਂ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾ ਕੇ ਫਿਰ ਇਤਿਹਾਸ ਸਿਰਜਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਸਾਮਰਾਜਵਾਦ ਅਤੇ ਪੂੰਜੀਵਾਦ ਨਾਲ ਜੰਗ ਅੱਗੇ ਵੀ ਚਲਦਾ ਰਹੇਗਾ ਕਿਉਂਕਿ ਇਹਨਾਂ ਦੀ ਅੱਖ ਸਾਡੀ ਜਮੀਨਾਂ ਤੇ ਹੈ ਇਹ ਹਾਕਮਾਂ ਨਾਲ ਮਿਲ ਕੇ ਸਾਡੀਆਂ ਜਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਣਗੇ। ਪੰਜਾਬੀ ਹਮੇਸ਼ਾ ਕਾਰਪੋਰੇਟ ਦੀਆਂ ਸਾਜਿਸ਼ਾਂ ਨੂੰ ਆਪਣੀ ਏਕਤਾ ਦੇ ਬਲ ਤੇ ਫੇਲ ਕਰਨਗੇ। ਸਾਨੂੰ ਹਮੇਸ਼ਾ ਇਹਨਾਂ ਸ਼ਕਤੀਆਂ ਵੱਲੋਂ ਲਗਾਤਾਰ ਹੋ ਰਹੇ ਹਮਲਿਆਂ ਬਾਰੇ ਸੁਚੇਤ ਰਹਿਣਾ ਪਵੇਗਾ ਅਤੇ ਲਗਾਤਾਰ ਇਹਨਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣਾ ਹੋਵੇਗਾ। ਸਾਥੀ ਰਾਣਾ ਨੇ ਦੱਸਿਆ ਕਿ ਜਿੱਤ ਰੈਲੀ 24 ਅਗਸਤ ਨੂੰ ਸਮਰਾਲਾ ਵਿਖੇ ਹੋਵੇਗੀ। ਇਸ ਮੌਕੇ ਆਗੂਆਂ ਨੇ ਜਿਲ੍ਹੇ ਭਰ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਵਿਦਿਆਰਥੀਆਂ ਧਾਰਮਿਕ ਸੰਗਠਨਾਂ ਅਤੇ ਹੋਰ ਹਰ ਤਰ੍ਹਾਂ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ 24 ਅਗਸਤ ਨੂੰ ਸਮਰਾਲਾ ਵਿਖੇ ਪਹੁੰਚ ਕੇ ਆਪਣੀ ਏਕਤਾ ਦਾ ਸਬੂਤ ਦੇਣ ਅਤੇ ਆਪਸੀ ਭਾਈਚਾਰਾ ਮਜਬੂਤ ਕਰਨ ਲਈ ਆਗੂਆਂ ਦੇ ਵਿਚਾਰ ਸੁਣ ਨ। ਇਸ ਮੌਕੇ ਸਾਥੀ ਹਰਪਾਲ ਸਿੰਘ ਮੱਕੋਵਾਲ ਅਤੇ ਬਲਦੇਵ ਸਿੰਘ ਬੱਲੀ ਬੀ ਉਨਾਂ ਦੇ ਨਾਲ ਸਨ।


