ਬਲਾਚੌਰ 20 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਵਲੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਮਾਣੇਵਾਲ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਪਿੰਡ ਵਾਸੀਆਂ ਨੂੰ ਭਾਰਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਬੈਕਿੰਗ ਸਹੂਲਤਾਂ ਅਤੇ ਸਕੀਮਾਂ ਵਾਰੇ ਜਾਣਕਾਰੀ ਦਿਤੀ ਗਈ। ਪਿੰਡ ਦੇ ਮਾਨਯੋਗ ਸਰਪੰਚ ਬਲਜਿੰਦਰ ਸਿੰਘ ਰਾਏ ਵਲੋਂ ਆਏ ਹੋਏ ਸਾਰੇ ਹੀ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਵਾਸੀਆਂ ਦੀਆਂ ਕੁਝ ਸਮੱਸਿਆਵਾਂ ਵਾਰੇ ਬੈਂਕ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਜਿਨ੍ਹਾਂ ਦਾ ਅਧਿਕਾਰੀਆਂ ਵਲੋਂ ਮੌਕੇ ਤੇ ਹੀ ਲਗਭਗ ਹੱਲ ਵੀ ਕੀਤਾ ਗਿਆ। ਬੈਂਕ ਦੇ ਰੀਜਨਲ ਮੈਨੇਜਰ ਸਰਦਾਰ ਗੁਰਚਰਨ ਸਿੰਘ ਵਲੋਂ ਪਿੰਡ ਵਾਸੀਆਂ ਨੂੰ ਭਾਰਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜਨ ਧੰਨ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਸੁਕੰਨਿਆ ਸਮਰਿੱਧੀ ਯੋਜਨਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਇਸ ਤੋਂ ਬਾਅਦ ਬੈਂਕ ਦੇ ਏ ਜੀ ਐੱਮ ਸ਼੍ਰੀ ਪਰਸ਼ੋਤਮ ਲਾਲ ਜੀ ਨੇ ਪਿੰਡ ਵਾਸੀਆਂ ਨੂੰ ਆਪਣੇ ਬੈਂਕ ਖਾਤੇ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀਆਂ ਵਿਧੀਆਂ ਵਾਰੇ ਜਾਣਕਾਰੀ ਦਿਤੀ। ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਆਪਣੇ ਬੈਂਕ ਖਾਤੇ ਵਿਚ ਆਪਣੇ ਵਾਰਿਸ ਰਜਿਸਟਰ ਕਰਵਾਉਣ ਵਾਰੇ ਵੀ ਜਾਣਕਾਰੀ ਦਿਤੀ ਤਾਂ ਜੋ ਕਿਸੀ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤੇ ਵਿਚ ਜਮਾਂ ਪੂੰਜੀ ਉਨ੍ਹਾਂ ਦੇ ਵਾਰਿਸ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਦੇ ਮਿਲ ਸਕੇ। ਉਨ੍ਹਾਂ ਨੇ ਧੋਖਾਧੜੀ ਵਾਲੀਆਂ ਫੋਨ ਕਾਲਾਂ ਤੋਂ ਵੀ ਸੁਚੇਤ ਰਹਿਣ ਵਾਰੇ ਜਾਗਰੂਕ ਕੀਤਾ ਤਾਕਿ ਕੋਈ ਵੀ ਉਨ੍ਹਾਂ ਦੇ ਚੁੰਗਲ ਵਿਚ ਫਸ ਕੇ ਆਪਣਾ ਨੁਕਸਾਨ ਨਾ ਕਰਵਾ ਸਕੇ।
ਅਖੀਰ ਵਿਚ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨੇ ਆਏ ਹੋਏ ਸਾਰੇ ਹੀ ਬੈਂਕ ਅਧਿਕਾਰੀਆਂ ਦਾ ਅਤੇ ਹੋਰ ਹਾਜਿਰ ਸ਼ਖਸ਼ੀਅਤਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਿੰਡ ਵਾਸੀਆਂ ਤੋਂ ਇਲਾਵਾ ਸਾਰੇ ਹੀ ਪੰਚਾਇਤ ਮੈਂਬਰ, ਜਤਿੰਦਰਪਾਲ ਸਿੰਘ ਕਲੇਰ, ਤੇਜਪ੍ਰਕਾਸ਼ ਖਾਸਾ, ਸਮਰਦੀਪ ਸਿੰਘ, ਅਵਤਾਰ ਸਿੰਘ ਧੀਮਾਨ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਿਰ ਸਨ।


