ਬਾਬਾ ਜੋਤਨਾਥ ਮੰਦਰ ਪਰਿਸਰ ‘ਚ ਲਗਾਏ ਗਏ ਨਿੰਮ, ਆਂਵਲਾ, ਕਨੇਰ ਤੇ ਹੈਬੀਕਸ ਦੇ ਬੂਟੇ
ਨਵਾਂਸ਼ਹਿਰ, 1 ਅਗਸਤ(ਜਤਿੰਦਰ ਪਾਲ ਸਿੰਘ ਕਲੇਰ )
ਮਾਂ ਸਿਰਫ਼ ਇੱਕ ਸ਼ਬਦ ਨਹੀਂ, ਇਹ ਤਿਆਗ, ਮਮਤਾ ਅਤੇ ਜੀਵਨ ਦੀ ਭਾਵਨਾ ਦੀ ਮੂਰਤ ਹੁੰਦੀ ਹੈ। ਜਦੋਂ ਮਾਂ ਦੇ ਨਾਂ ਇੱਕ ਰੁੱਖ ਲਗਾਇਆ ਜਾਂਦਾ ਹੈ, ਤਾਂ ਉਹ ਸਿਰਫ਼ ਵਾਤਾਵਰਣ ਦੀ ਸੇਵਾ ਨਹੀਂ ਹੁੰਦੀ, ਸਗੋਂ ਮਾਂ ਦੀ ਪਵਿੱਤਰਤਾ ਅਤੇ ਨਿਸ਼ਕਪਟ ਪਿਆਰ ਦੀ ਪ੍ਰਤੀਕ ਬਣ ਜਾਂਦਾ ਹੈ।
ਇਸੇ ਜਜ਼ਬੇ ਨੂੰ ਅਮਲੀ ਜਾਮਾ ਪਾਉਂਦੇ ਹੋਏ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ (ਰਜਿ.) ਵੱਲੋਂ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਪਿੰਡ ਬੇਗਮਪੁਰ ਸਥਿਤ ਬਾਬਾ ਜੋਤਨਾਥ ਮੰਦਰ ਦੇ ਪਰਿਸਰ ਵਿੱਚ ਰੁੱਖ ਲਗਾਉਣ ਦਾ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਨੀਂਮ, ਆਂਵਲਾ, ਕਨੇਰ ਅਤੇ ਹੈਬੀਕਸ ਦੇ ਬੂਟੇ ਲਗਾਏ ਗਏ। ਇਹ ਪਲਾਂਟੇਸ਼ਨ ਡਰਾਈਵ ਭਾਰਤ ਸਰਕਾਰ ਦੇ ਯੁਵਾ ਕਾਰਜਕ੍ਰਮ ਤੇ ਖੇਡ ਮੰਤਰਾਲੇ ਦੇ ਮਾਰਗਦਰਸ਼ਨ ਹੇਠ “ਮੇਰਾ ਯੁਵਾ ਭਾਰਤ” (ਮਾਈ ਭਾਰਤ) ਦੇ ਤਹਿਤ ਕਰਵਾਇਆ ਗਿਆ।
ਕਲੱਬ ਦੇ ਸਕੱਤਰ ਅਖ਼ਿਲ ਸ਼ਰਮਾ ਨੇ ਕਿਹਾ ਕਿ “ਏਕ ਪੇੜ ਮਾਂ ਕੇ ਨਾਮ” ਸਿਰਫ਼ ਇੱਕ ਭਾਵਨਾਤਮਕ ਪਹਿਲ ਨਹੀਂ, ਸਗੋਂ ਇਹ ਕੁਦਰਤ ਨਾਲ ਜੁੜਨ ਅਤੇ ਆਪਣੀਆਂ ਸੰਸਕਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਹੈ। ਇਹ ਮੁਹਿੰਮ ਸਾਨੂੰ ਮਾਂ ਲਈ ਕੀਤੀ ਕ੍ਰਿਤਜਤਾ ਨੂੰ ਧਰਤੀ ਮਾਂ ਦੀ ਸੇਵਾ ਨਾਲ ਜੋੜਨ ਦਾ ਮਾਧਿਅਮ ਹੈ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ “ਮੇਰਾ ਯੁਵਾ ਭਾਰਤ” ਯੋਜਨਾ ਤਹਿਤ ਜਦੋਂ ਨੌਜਵਾਨ ਆਪਣੇ ਹੱਥੀਂ ਬੂਟੇ ਲਗਾਉਂਦੇ ਹਨ, ਤਾਂ ਉਹ ਸਿਰਫ਼ ਹਰੇ-ਭਰੇ ਭਵਿੱਖ ਦੀ ਨੀਂਹ ਨਹੀਂ ਰੱਖਦੇ, ਸਗੋਂ ਰਾਸ਼ਟਰ ਨਿਰਮਾਣ ਅਤੇ ਵਾਤਾਵਰਣ ਜਾਗਰੂਕਤਾ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹਨ।
ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਯੂਥ ਵਿਂਗ ਦੇ ਚੇਅਰਮੈਨ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਮਾਂ ਸਾਨੂੰ ਜੀਵਨ ਦਿੰਦੀ ਹੈ, ਤੇ ਰੁੱਖ ਉਸ ਜੀਵਨ ਨੂੰ ਸੰਭਾਲਣ ਵਾਲੀ ਸੰਜੀਵਨੀ। ਜਦੋਂ ਅਸੀਂ ਮਾਂ ਦੇ ਨਾਂ ਰੁੱਖ ਲਗਾਉਂਦੇ ਹਾਂ, ਤਾਂ ਇਹ ਸਿਰਫ਼ ਵਾਤਾਵਰਣ ਬਚਾਉਣ ਦੀ ਕਾਰਵਾਈ ਨਹੀਂ ਹੁੰਦੀ, ਇਹ ਮਾਂ-ਕੁਦਰਤ ਨੂੰ ਇਕ ਰੂਪ ਸਮਝਣ ਵਾਲੀ ਸੰਸਕ੍ਰਿਤੀ ਨੂੰ ਸਲਾਮ ਕਰਨ ਵਾਲੀ ਰਿਵਾਇਤ ਬਣ ਜਾਂਦੀ ਹੈ।
ਆਖ਼ਰ ਵਿੱਚ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ਸਭ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਜ਼ਜਬੇ ਨਾਲ ਜੁੜਣ ਤੇ ਆਪਣੀ ਮਾਂ ਦੇ ਨਾਂ ਇੱਕ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਅਤੇ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਅਮਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕਣ।
ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਨਾਲ-ਨਾਲ ਸ਼ਕੁੰਤਲਾ, ਪਰੀਤ, ਰਾਜਰਾਨੀ, ਨੀਲਮ ਰਾਣੀ, ਰੀਟਾ ਰਾਣੀ ਅਤੇ ਕੰਮਲੇਸ਼ ਵੀ ਹਾਜ਼ਰ ਸਨ।


