ਬਲਾਚੌਰ ਬਲਾਕ ‘ਚ ਭੀਖ ਮੰਗਣ ਵਾਲੇ ਤਿੰਨ ਬੱਚੇ ਕੀਤੇ ਰੇਸਕਿਊ, ਭਵਿੱਖ ‘ਚ ਵੀ ਜਾਰੀ ਰਹੇਗੀ ਚੈਕਿੰਗ
ਬੱਚਿਆਂ ਨੂੰ ਭੀਖ ਨਾ ਦੇਣ ਦੀ ਅਪੀਲ, ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਕੀਤੀ ਜਾ ਸਕਦੀ ਸ਼ਿਕਾਇਤ
ਸ਼ਹੀਦ ਭਗਤ ਸਿੰਘ ਨਗਰ, 20 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਜੀਵਨਜੋਤ ਤਹਿਤ ਜ਼ਿਲ੍ਹੇ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਚਲਾਈ ਮੁਹਿੰਮ ਹੇਠ ਅੱਜ ਬਲਾਕ ਬਲਾਚੌਰ ਵਿੱਚ ਬਾਲ ਭਿੱਖਿਆ ਵਿੱਚ ਲੱਗੇ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲਾ ਦਫ਼ਤਰ ਦੀ ਟੀਮ ਵੱਲੋਂ ਬਲਾਕ ਬਲਾਚੌਰ ਵਿੱਚ ਭੱਦੀ ਰੋਡ, ਬੱਸ ਸਟੈਂਡ, ਮੇਨ ਚੌਕ, ਗਹੂਣ ਰੋਡ ‘ਤੇ ਚੈਕਿੰਗ ਦੌਰਾਨ ਇਨ੍ਹਾਂ ਤਿੰਨ ਬੱਚਿਆਂ ਨੂੰ ਰੇਸਕਿਓ ਕੀਤਾ ਗਿਆ ਜਿਨ੍ਹਾਂ ਨੂੰ ਅਗਲੇਰੇ ਹੁਕਮਾਂ ਲਈ ਬਾਲ ਭਲਾਈ ਕਮੇਟੀ ਕੋਲ ਪੇਸ਼ ਕੀਤਾ ਗਿਆ ਹੈ। ਜ਼ਿਲਾ ਬਾਲ ਸੁਰੱਖਿਆ ਯੂਨਿਟ ਵਲੋਂ ਬੱਚਿਆਂ ਦੀ ਸੋਸ਼ਲ ਇਨਵੇਸਟੀਗੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਜੋ ਬੱਚਿਆਂ ਨੂੰ ਉਮਰ ਅਨੁਸਾਰ ਸਕੂਲ ਵਿਚ ਦਾਖਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੀ ਦਿੱਤਾ ਜਾ ਸਕੇ।
ਜਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਦੀ ਰੋਕਥਾਮ ਅਤੇ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟਿੰਗ ਕਰਵਾਉਣ ਲਈ ਪ੍ਰੋਜੈਕਟ ਜੀਵਨ ਜੋਤ-2 ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਕਿਸੇ ਵੀ ਤਰੀਕੇ ਸੋਸ਼ਣ ਜਾਂ ਟਰੈਫਿਕਿੰਗ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਦੱਸਿਆ ਕਿ ਬਾਲ ਭਿੱਖਿਆ ਵਿੱਚ ਲੱਗੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾਲ ਭਲਾਈ ਕਮੇਟੀ ਨਾਲ ਮਿਲ ਕੇ ਉਨ੍ਹਾ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਾਸੋਂ ਨਿਰਦੇਸ਼ਾਂ ਅਨੁਸਾਰ

ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਭਿੱਖਿਆ ਕਰਵਾ ਰਹੇ ਹਨ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਕਿਉਂਕਿ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਦੂਸਰੇ ਰਾਜਾਂ ਤੋ ਆਏ ਹੋਏ ਪ੍ਰਵਾਸੀ ਅਤੇ ਉਨਾਂ ਦੇ ਬੱਚੇ ਪੰਜਾਬ ਵਿੱਚ ਭੀਖ ਮੰਗਦੇ ਹਨ ਅਤੇ ਕਈ ਵਾਰ ਉਨਾਂ ਦੇ ਨਾਲ ਉਹਨਾਂ ਦੇ ਮਾਪੇ ਹੀ ਬੱਚਿਆਂ ਤੋਂ ਭੀਖ ਮੰਗਵਾ ਰਹੇ ਹੁੰਦੇ ਹਨ ।
ਜ਼ਿਲਾ ਪ੍ਰੋਗਰਾਮ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਜਰੂਰੀ ਨਹੀਂ ਹੈ ਕਿ ਜਿਨਾਂ ਦੇ ਨਾਲ ਬੱਚੇ ਭੀਖ ਮੰਗ ਰਹੇ ਹਨ ਉਹ ਵਿਅਕਤੀ ਬੱਚਿਆਂ ਦੇ ਅਸਲ ਮਾਪੇ ਹੀ ਹੋਣ। ਉਨ੍ਹਾਂ ਦੱਸਿਆ ਕਿ ਇਸ ਲਈ ਇਸ ਸਬੰਧੀ ਜਾਂਚ ਕਰਵਾਉਣ ਲਈ ਡੀ.ਐਨ.ਏ਼ ਟੈਸਟ ਕਰਵਾਉਂਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕਾਰਜਸ਼ੀਲ ਜਿਲਾ ਬਾਲ ਸੁਰੱਖਿਆ ਯੂਨਿਟ ਨੂੰ ਸਬ-ਡਿਵੀਜ਼ਨਲ ਪੱਧਰੀ ਕਮੇਟੀਆਂ ਨਾਲ ਮਿਲ ਕੇ ਜਿਲੇ ਵਿੱਚ ਬਾਲ ਭਖਿਆ ਵਿੱਚ ਲੱਗੇ ਹੋਏ ਬੱਚਿਆਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਕਿਤੇ ਵੀ ਭੀਖ ਨਾ ਮੰਗ ਰਿਹਾ ਹੋਵੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਅਤੇ ਨਾ ਹੀ ਬੱਚਿਆਂ ਨੂੰ ਭੀਖ ਮੰਗਣ ਲਾਇਆ ਜਾਵੇ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਚਾਇਲਡ ਹੈਲਪਲਾਈਨ ਨੰਬਰ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰੋਜੈਕਟ ਜੀਵਨ ਜੋਤ 2 .0 ਦੀ ਗੱਲ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹਦਾਇਤਾਂ ‘ਤੇ ਬਲਾਚੌਰ ਦੀ ਭੱਦੀ ਰੋਡ, ਬੱਸ ਸਟੈਂਡ, ਮੇਨ ਚੌਕ, ਗਹੂਣ ਰੋਡ ‘ਤੇ ਚੈਕਿੰਗ ਕਰਕੇ ਬਾਲ ਭਿਖਿਆ ਵਿੱਚ ਲੱਗੇ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਬਚਿਆਂ ‘ਤੇ ਪੈਨੀ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਮਿਲਦਾ ਹੈ ਤਾਂ ਉਸਦੇ ਮਾਪਿਆਂ ਦੀ ਕਾਊਂਸਲਿੰਗ ਕਰਕੇ ਬੱਚਿਆਂ ਨੂੰ ਪੜਾਉਣ ਵਾਲੇ ਪਾਸੇ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੇ ਹਾਲਾਤ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਅਤੇ ਉਨਾਂ ਨਾਲ ਮਿਲਣ ਵਾਲੇ ਵਿਅਕਤੀਆਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜੂਵੇਨਾਈਲ ਜਸਟਿਸ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇਕਰ ਇਹ ਲੱਗਦਾ ਹੈ ਕਿ ਬੱਚੇ ਦੇ ਮਾਪੇ ਉਸਨੂੰ ਸੰਭਾਲਣ ਵਿੱਚ ਅਸਮਰਥ ਹਨ ਤਾਂ ਉਸ ਬੱਚੇ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਦੇ ਵਿੱਚ ਭੇਜਿਆ ਜਾਵੇਗਾ ਜਿੱਥੇ ਬੱਚੇ ਦੀ ਮੁਕੰਮਲ ਸਿੱਖਿਆ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਬਾਲ ਭਿੱਖਿਆ ਸਬੰਧੀ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।


