– ਸਿਹਤ ਵਿਭਾਗ ਵੱਲੋਂ ਵਿਸ਼ਵ ਅਬਾਦੀ ਦਿਵਸ ਮੁਹਿੰਮ ਦੀ ਸ਼ੁਰੂਆਤ
ਬਲਾਚੌਰ, 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਮਿਤੀ 11 ਜੁਲਾਈ ਤੋਂ 18 ਜੁਲਾਈ, 2025 ਵਿਸ਼ਵ ਆਬਾਦੀ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਦਰਭ ਵਿਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੁਹਿੰਮ ਦਾ ਥੀਮ “ਮਾਂ ਬਣਨ ਦੀ ਉਮਰ ਉਹੀ, ਜਦੋਂ ਤਨ ਤੇ ਮਨ ਦੀ ਤਿਆਰੀ ਸਹੀ” ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋੜੀਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਹਰ ਸਾਲ ਵਿਸ਼ਵ ਆਬਾਦੀ ਦਿਵਸ ਮੁਹਿੰਮ ਚਲਾਉਂਦਾ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਅਤੇ ਤੰਦਰੁਸਤੀ ਲਈ ਜਨਮ ਦੇ ਸਿਹਤਮੰਦ ਸਮੇਂ ਅਤੇ ਦੋ ਬੱਚਿਆਂ ਦੇ ਜਨਮ ਵਿਚਾਲੇ ਵਾਜਿਬ ਵਕਫ਼ੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜਾ ਸਕੇ।
ਡਾ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਸਿੱਖਿਅਤ ਕਰਨਾ ਉਨ੍ਹਾਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ, “ਜਦੋਂ ਹਰ ਔਰਤ ਪੜ੍ਹੀ-ਲਿਖੀ, ਜ਼ਿੰਮੇਵਾਰੀਆਂ ਤੋਂ ਸੁਚੇਤ ਅਤੇ ਆਪਣੇ ਫਰਜ਼ਾਂ ਤੇ ਅਧਿਕਾਰਾਂ ਤੋਂ ਜਾਣੂ ਹੋਵੇਗੀ ਤਾਂ ਕੁਦਰਤੀ ਤੌਰ ’ਤੇ ਉਹ ਆਬਾਦੀ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਫੀਲਡ ਸਟਾਫ ਨੂੰ ਹਦਾਇਤ ਕੀਤੀ ਜਾਵੇ ਕਿ ਯੋਗ ਵਿਅਕਤੀਆਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਖ਼ਾਸ ਕਰਕੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਦੌਰਾਨ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਦੇਰ ਨਾਲ ਵਿਆਹ ਕਰਨ ਦੇ ਨੁਕਸਾਨ, ਦੋ ਬੱਚਿਆਂ ਦੇ ਜਨਮ ਦਰਮਿਆਨ ਵਾਜਬ ਵਕਫ਼ੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱੱਚ ਪਰਿਵਾਰ ਨਿਯੋਜਨ ਦੇ ਵੱਖ-ਵੱਖ ਢੰਗ ਤਰੀਕੇ ਅਤੇ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨ ਜਿਵੇਂ ਨਸਬੰਦੀ, ਨਲਬੰਦੀ, ਗਰਭ ਰੋਕੂ ਅੰਤਰਾ ਟੀਕਾ, ਛਾਇਆ ਗੋਲੀ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਓਰਲ ਪਿੱਲਸ ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜ਼ਦੀਕ ਦੇ ਸਿਹਤ ਕੇਂਦਰਾਂ ਨਾਲ ਸੰਪਰਕ ਕਰਨ ਲਈ ਦੱਸਿਆ ਜਾਵੇ।
ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ‘ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦਾ ਸਹੀ ਉਮਰ ਵਿੱਚ ਵਿਆਹ, ਪਹਿਲਾ ਬੱਚਾ ਦੇਰੀ ਨਾਲ, ਪਰਿਵਾਰ ਨਿਯੋਜਨ ਵਿਚ ਪੁਰਸ਼ਾਂ ਦੀ ਭਾਗੀਦਾਰੀ, ਬੱਚਿਆਂ ਵਿੱਚ ਘੱਟੋਂ-ਘੱਟ ਤਿੰਨ ਸਾਲ ਦਾ ਅੰਤਰ ਰੱਖੀਏ। ਲੜਕੇ ਅਤੇ ਲੜਕੀ ਵਿੱਚ ਫਰਕ ਨਾ ਸਮਝ ਕੇ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਈਏ ਤਾਂ ਹੀ ਅਸੀਂ ਆਬਾਦੀ ਤੇ ਕੰਟਰੋਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਉੱਜਵਲ ਭਵਿੱਖ ਲਈ ਕੇਵਲ ਦੋ ਬੱਚੇ ਹੀ ਕਾਫੀ ਹੁੰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਸਿਹਤ ਵਿਭਾਗ ਵੱਲੋਂ ਲਾਭਪਾਤਰੀ ਨੂੰ ਵਿੱਤੀ ਲਾਭ ਮੁਹੱਈਆ ਕਰਵਾਏ ਜਾਂਦੇ ਹਨ। ਪੋਸਟ ਪਾਰਟਮ ਆਈ.ਯੂ.ਸੀ.ਡੀ (ਪੀ.ਪੀ.ਆਈ.ਯੂ.ਸੀ.ਡੀ.) ਲਗਵਾਉਣ ਲਈ ਔਰਤਾਂ ਨੂੰ 300 ਰੁਪਏ, ਆਈ.ਯੂ.ਸੀ.ਡੀ. ਲਗਵਾਉਣ ਲਈ ਔਰਤਾਂ ਨੂੰ 200 ਰੁਪਏ ਦਿੱਤੇ ਜਾਂਦੇ ਹਨ। ਚੀਰਾ-ਰਹਿਤ ਨਸਬੰਦੀ ਕਰਵਾਉਣ ਲਈ ਪੁਰਸ਼ਾਂ ਲਈ 1100 ਰੁਪਏ ਅਤੇ ਨਲਬੰਦੀ ਕਰਵਾਉਣ ਵਾਲੀ ਕਮਜੋਰ ਵਰਗ ਦੀਆਂ ਔਰਤਾਂ ਨੂੰ 600 ਰੁਪਏ ਅਤੇ ਆਮ ਵਰਗ ਦੀਆਂ ਔਰਤਾਂ ਨੂੰ 250 ਰੁਪਏ ਦਿੱਤੇ ਜਾਂਦੇ ਹਨ।
ਇਸ ਮੌਕੇ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਤੇ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।


