ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )
ਸਵਰਾਜ਼ ਮਾਜ਼ਦਾ ਫੈਕਟਰੀ ਆਂਸਰੋਂ ਦੇ ਠੇਕਾ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਉਪਰੰਤ ਕੰਟਰੈਕਟ ਵਰਕਰ ਯੂਨੀਅਨ ਨੇ ਹੜਤਾਲ ਅਤੇ ਧਰਨਾ ਸਮਾਪਤ ਕਰ ਦਿੱਤਾ।ਉਹ 2 ਜੁਲਾਈ ਤੋਂ ਹੜਤਾਲ ਉੱਤੇ ਸਨ।ਮੈਨੇਜਮੈਂਟ, ਸਬੰਧਤ ਠੇਕੇਦਾਰਾਂ,ਕੰਟਰੈਕਟ ਵਰਕਰ ਯੂਨੀਅਨ ਅਤੇ ਲੇਬਰ ਇੰਸਪੈਕਟਰ ਬਲਾਚੌਰ ਦੀ ਸਾਂਝੀ ਮੀਟਿੰਗ ਵਿਚ ਸਮਝੌਤਾ ਸਿਰੇ ਚੜ੍ਹਿਆ ਜੋ ਲਿਖਤੀ ਰੂਪ ਵਿਚ ਕੀਤਾ ਗਿਆ।ਸਮਝੌਤੇ ਉਪਰੰਤ ਵਰਕਰਾਂ ਨੇ ਜੇਤੂ ਰੈਲੀ ਕੀਤੀ ਜਿਸਨੂੰ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਜਸ਼ਨਪ੍ਰੀਤ ਸਿੰਘ ,ਸਿਮਰਨਜੀਤ ਸਿੰਘ ,ਮਨਪ੍ਰੀਤ ਸਿੰਘ,
ਬਲਜਿੰਦਰ ਸਿੰਘ ,ਮਨਪ੍ਰੀਤ ਸਿੰਘ ,ਰਾਜਵੀਰ ਸਿੰਘ ,ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਠੇਕਾ ਕਾਮਿਆਂ ਦੀ ਤਨਖਾਹ ਦੇ ਵਾਧੇ ਲਈ ਢੁੱਕਵੀਂ ਨੀਤੀ ਤਿਆਰ ਕਰਨ ਦਾ ਫੈਸਲਾ ਹੋਇਆ ਇਸਦੇ ਲਈ 5 ਅਗਸਤ 2025 ਦੀ ਮੀਟਿੰਗ ਤੈਅ ਕੀਤੀ ਗਈ ਹੈ।ਸਮਝੌਤੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੁਲਾਈ-ਅਗਸਤ ਮਹੀਨਿਆਂ ਵਿਚ ਕਰਮਚਾਰੀਆਂ ਦੀ ਡਿਊਟੀ ਵਿਚ ਕੋਈ ਬ੍ਰੇਕ ਨਹੀਂ ਪਾਈ ਜਾਵੇਗੀ।ਠੇਕੇਦਾਰਾਂ ਵਲੋਂ ਹਰ ਮਹੀਨੇ ਦੀ 7 ਤਾਰੀਖ ਨੂੰ ਠੇਕਾ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿਚ ਤਨਖਾਹ ਪਾ ਦਿੱਤੀ ਜਾਇਆ ਕਰੇਗੀ।ਸਿੱਖਿਆਰਥੀਆਂ ਨੂੰ ਟ੍ਰੇਨਿੰਗ ਪੂਰੀ ਹੋਣ ਉਪਰੰਤ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਠੇਕਾ ਵਰਕਰ ਦੇ ਤੌਰ ਉੱਤੇ ਰੱਖਣ ਲਈ ਵਿਚਾਰ ਕੀਤਾ ਜਾਵੇਗਾ।ਜੇਕਰ ਕੰਮ ਦੌਰਾਨ ਠੇਕਾ ਕਰਮਚਾਰੀ ਨੂੰ ਸੱਟ ਲੱਗਦੀ ਹੈ ਤਾਂ ਕੰਪਨੀ ਠੇਕੇਦਾਰ ਤੋਂ ਈ ਐਸ ਆਈ ਦੇ ਸਾਰੇ ਬਣਦੇ ਲਾਭ ਦਿਵਾਉਣ ਲਈ ਪੂਰਾ ਸਹਿਯੋਗ ਕਰੇਗੀ।ਮੀਟਿੰਗ ਵਿਚ ਆਏ ਕਿਸੇ ਵੀ ਠੇਕਾ ਕਰਮਚਾਰੀ ਨਾਲ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਡਿਪਟੀ ਵਿਚ ਬ੍ਰੇਕ ਨਹੀਂ ਪਾਈ ਜਾਵੇਗੀ ਅਤੇ ਠੇਕਾ ਕਰਮਚਾਰੀ ਵੀ ਅਨੁਸ਼ਾਸਨ ਵਿਚ ਰਹਿਣਗੇ ਨਹੀਂ ਤਾਂ ਕੰਪਨੀ ਅਨੁਸ਼ਾਸਨ ਕਾਇਮ ਰੱਖਣ ਲਈ ਕਾਰਵਾਈ ਦੀ ਹੱਕਦਾਰ ਹੋਵੇਗੀ।ਬੱਸ ਬਾਡੀ ਅਤੇ ਆਰ ਐਂਡ ਡੀ ਠੇਕਾ ਕਰਮਚਾਰੀਆਂ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ।ਭਵਿੱਖ ਵਿਚ ਜਦੋਂ ਵੀ ਅਵਾਰਡ ਜਾਂ ਪ੍ਰਾਫਿਟ ਬੋਨਸ ਦੀ ਰਾਸ਼ੀ ਦੇ ਦਾ ਕੰਪਨੀ ਫੈਸਲਾ ਕਰਦੀ ਹੈ ਤਾਂ ਠੇਕੇਦਾਰ ਦੇ ਕਰਮਚਾਰੀਆਂ ਦਾ ਵੀ ਧਿਆਨ ਰੱਖਿਆ ਜਾਵੇਗਾ।ਸੀਰੀਅਲ ਨੰਬਰ-2 ਅਨੁਸਾਰ ਜੁਆਈਨਿੰਗ ਦੀ ਮਿਤੀ ਵੀ ਵਿਚਾਰੀ ਜਾਵੇਗੀ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਇਫਟੂ ਦੇ ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਜੰਡੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਇਹ ਜਿੱਤ ਵਰਕਰਾਂ ਦੀ ਏਕਤਾ ਅਤੇ ਸੰਘਰਸ਼ ਦੀ ਜਿੱਤ ਹੈ।


