ਬੇਸਹਾਰਾ ਪਸ਼ੂਆ ਦੇ ਹਾਦਸੇ ਨਾਲ ਹਰ ਰੋਜ਼ ਵੱਡੇ ਵੱਡੇ ਹਾਦਸੇ ਹੋ ਰਹੇ ਹਨ
ਬੇਸਹਾਰਾ ਪਸ਼ੂਆ ਵੱਲੋਂ ਕਿਸਾਨਾਂ ਦੀਆਂ ਫਸਲਾਂ ਵੀ ਹੋ ਰਹੀਆਂ ਹਨ ਬਰਬਾਦ
ਆਖਰ ਕਰ ਕੌਣ ਬਣੇ ਗਾ ਸਹਾਰਾ ਇਹਨਾਂ ਬੇਸਹਾਰਾ ਪਸ਼ੂਆ ਦਾ
ਨਵਾਂਸ਼ਹਿਰ /ਕਾਠਗੜ੍ਹ, 05 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )ਕਸਬਾ ਕਾਠਗੜ੍ਹ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਬੇਸਹਾਰਾ ਪਸ਼ੂਆਂ ਜਿਨਾਂ ਵਿੱਚ ਜਿਆਦਾਤਰ ਗਊਆਂ ਅਤੇ ਸਾਨ ਹਨ ਦੀ ਹਰ ਰੋਜ਼ ਇਹਨਾਂ ਦੀ ਵਧਦੀ ਗਿਣਤੀ ਨਾਲ ਕਿਸਾਨ , ਆਮ ਲੋਕ ਤੇ ਦੁਕਾਨਦਾਰ ਕਾਫੀ ਪਰੇਸ਼ਾਨੀ ਵਿੱਚ ਹਨ। ਇਹ ਬੇਸਹਾਰਾ ਪਸ਼ੂ ਝੁੰਡਾਂ ਦੇ ਰੂਪ ਵਿੱਚ ਸੜਕਾਂ, ਗਲੀਆਂ ਅਤੇ ਕਿਸਾਨਾਂ ਦੇ ਖੇਤਾਂ ਵੱਲ ਆਮ ਘੁੰਮਦੇ ਦੇਖੇ ਜਾਂਦੇ ਹਨ। ਲੋਕਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਤੇ ਆਮ ਦੇਖਣ ਵਿੱਚ ਆਇਆ ਹੈ ਕਿ ਬੀਤੇ ਲੰਬੇ ਸਮੇਂ ਤੋਂ ਕਾਠਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਬੇਸਹਾਰਾ ਗਊਆਂ ਸਾਨਾਂ ਦੀ ਤਾਦਾਦ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਜੋ ਗੱਡੀਆਂ ਵਾਲੇ ਡਰਾਈਵਰ ਪਹਾੜੀ ਖੇਤਰਾਂ ਵੱਲ ਜਾਂਦੇ ਹਨ ਉਹ ਉਥੋਂ ਪੈਸਿਆਂ ਦੇ ਲਾਲਚ ਵਿੱਚ ਗਊ ਧੰਨ ਨੂੰ ਲਿਆ ਕੇ ਵੇਲੇ ਕੁਵੇਲੇ ਹਲਕੇ ਦੇ ਪਿੰਡਾਂ ਵਿੱਚ ਛੱਡ ਦਿੰਦੇ ਹਨ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਦੀਆਂ ਜੋ ਗਾਵਾਂ ਦੁੱਧ ਦੇਣੋ ਹਟ ਜਾਂਦੀਆਂ ਹਨ ਉਨਾਂ ਨੂੰ ਵੀ ਪਸ਼ੂ ਪਾਲਕ ਬੇਸਹਾਰਾ ਧੱਕੇ ਖਾਣ ਲਈ ਛੱਡ ਦਿੰਦੇ ਹਨ। ਆਪਣਾ ਢਿੱਡ ਭਰਨ ਲਈ ਝੁੰਡਾਂ ਦੇ ਰੂਪ ਵਿੱਚ ਘੁੰਮਦੇ ਇਹ ਬੇਸਹਾਰਾ ਪਸ਼ੂ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉੱਥੇ ਹੀ ਫਿਰ ਹਾਈਵੇ ਮਾਰਗਾਂ, ਪਿੰਡਾਂ ਦੀਆਂ ਲਿੰਕ ਸੜਕਾਂ, ਦੁਕਾਨਾਂ ਦੇ ਸਾਹਮਣੇ ਅਤੇ ਹੋਰ ਜਨਤਕ ਥਾਵਾਂ ‘ਤੇ ਬੈਠਦੇ ਹਨ ਜਿਨਾਂ ਕਰਕੇ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਈਵੇ ਮਾਰਗਾਂ ‘ਤੇ ਤਾਂ ਇਹਨਾਂ ਬੇਸਹਾਰਾ ਗਊਆਂ ਕਾਰਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਅਤੇ ਵਾਪਰ ਰਹੇ ਹਨ। ਇਹਨਾਂ ਬੇਸਹਾਰਾ ਪਸ਼ੂਆਂ ਵਿੱਚ ਬਹੁਤੇ ਸਾਨ ਅਜਿਹੇ ਹਨ ਜੋ ਜਦੋਂ ਆਪਸ ਵਿੱਚ ਲੜਦੇ ਹਨ ਤਾਂ ਲੋਕ ਉਹਨਾਂ ਤੋਂ ਡਰਦੇ ਮਾਰੇ ਉਥੋਂ ਲੰਘਦੇ ਨਹੀਂ। ਦੂਜੇ ਪਾਸੇ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਭਾਵੇਂ ਹਲਕੇ ਵਿੱਚ ਕਿਸਾਨਾਂ ਨੇ ਕੰਡਿਆਲੀ ਤਾਰ ਤੇ ਮਹਿੰਗੇ ਭਾਅ ਦੇ ਜਾਲ ਲਗਾ ਰੱਖੇ ਹਨ ਪਰੰਤੂ ਫਿਰ ਵੀ ਸਾਨ ਅਤੇ ਗਾਵਾਂ ਕਿਸਾਨਾਂ ਦੇ ਖੇਤਾਂ ਅੰਦਰ ਦਾਖਲ ਹੋ ਕੇ ਉਹਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਸਰਕਾਰਾਂ ਗਊ ਧੰਨ ਦੇ ਨਾਂ ‘ਤੇ ਭਾਰੀ ਟੈਕਸ ਇਕੱਠਾ ਕਰ ਰਹੀਆਂ ਹਨ ਲੇਕਿਨ ਇਹਨਾਂ ਦੀ ਸਾਂਭ ਸੰਭਾਲ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ
ਭਾਵੇਂ ਕੁੱਝ ਸਮਾਜ ਸੇਵੀਆਂ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਬੇਸਹਾਰਾ ਘੁੰਮਦੇ ਗਊ ਧੰਨ ਦੀ ਸੇਵਾ ਲਈ ਕੁੱਝ ਉਪਰਾਲੇ ਵੀ ਕੀਤੇ ਗਏ ਹਨ ਲੇਕਿਨ ਦਿਨੋ ਦਿਨ ਵਧਦੇ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਸੰਭਾਲਣਾ ਵਸ ਤੋਂ ਬਾਹਰ ਹੋ ਰਿਹਾ ਹੈ। ਹਲਕੇ ਦੇ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇੱਕ ਤਾਂ ਜੋ ਪਸ਼ੂ ਪਾਲਕ ਇਹਨਾਂ ਬੇਸਹਾਰਾ ਪਸ਼ੂ ਧੰਨ ਨੂੰ ਭਟਕਣ ਲਈ ਛੱਡ ਰਹੇ ਹਨ ਉਹਨਾਂ ਦੀ ਪਹਿਚਾਣ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਦੂਜਾ ਬਹੁਤਾਤ ਵਿੱਚ ਜੋ ਗਊ ਧੰਨ ਬੇਸਹਾਰਾ ਘੁੰਮ ਰਿਹਾ ਹੈ ਉਸ ਨੂੰ ਫੜਕੇ ਗਊਸ਼ਾਂਲਾਵਾਂ ਵਿੱਚ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਦਾ ਉਜਾੜਾ ਰੁਕ ਸਕੇ ਤੇ ਦੂਜਾ ਇਹਨਾਂ ਕਾਰਨ ਵਾਪਰੇਦ ਸੜਕ ਹਾਦਸੇ ਰੁਕ ਸਕਣ ਤੇ ਰਾਹਗੀਰਾਂ ਦੇ ਮਨਾਂ ਚੋਂ ਡਰ ਨਿਕਲ ਸਕੇ।