ਨਵਾਂਸ਼ਹਿਰ /ਬੰਗਾ 5 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਯੂਰੋਲੌਜੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੀਨੀਅਰ ਯੂਰੋਲੌਜਿਸਟ ਡਾ. ਅਮਿਤ ਸੰਧੂ ਐਮ.ਐਸ., ਐਮ.ਸੀ.ਐਚ. ਵੱਲੋਂ ਹਾਈਰਿਸਕ ਮਰੀਜ਼ 70 ਸਾਲ ਉਮਰ ਦੀ ਬਜ਼ੁਰਗ ਮਾਤਾ ਸਤਵਿੰਦਰ ਕੌਰ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਬੀਬੀ ਸਤਵਿੰਦਰ ਕੌਰ ਲੰਬੇ ਸਮੇਂ ਤੋਂ ਪਿਸ਼ਾਬ ਦੀਆਂ ਵੱਡੀਆਂ ਪੱਥਰੀਆਂ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਇਸ ਕਰਕੇ ਰੋਜ਼ਾਨਾ ਜੀਵਨ ਦੇ ਕਾਰ-ਵਿਹਾਰ ਵਿਚ ਮੁਸ਼ਕਲ ਪੇਸ਼ ਆ ਰਹੀ ਸੀ । ਉਹ ਵੱਡੇ ਸ਼ਹਿਰਾਂ ਵਿਚ ਆਪਣੇ ਇਲਾਜ ਕਰਵਾਉਣ ਗਏ ਪਰ ਦਿਲ ਦੇ ਰੋਗ, ਅਸਥਮਾ(ਦਮਾ), ਸ਼ੂਗਰ ਅਤੇ ਬੀ ਪੀ ਦੀ ਸਮੱਸਿਆ ਹੋਣ ਕਾਰਨ ਅਪਰੇਸ਼ਨ ਨਹੀਂ ਹੋਇਆ । ਪਰਿਵਾਰ ਵੱਲੋਂ ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥੋੜ੍ਹਾ ਸਮਾਂ ਪਹਿਲਾਂ ਸਥਾਪਿਤ ਯੂਰੋਲੌਜੀ ਵਿਭਾਗ ਵਿਚ ਯੂਰੋਲੌਜਿਸਟ ਡਾ. ਅਮਿਤ ਸੰਧੂ ਤੋਂ ਚੈੱਕਅੱਪ ਲਈ ਲਿਆਂਦਾ ਗਿਆ । ਇਸ ਮੌਕੇ ਡਾ. ਸੰਧੂ ਨੇ ਹਾਈਰਿਸਕ ਮਰੀਜ਼ 70 ਸਾਲ ਦੀ ਮਾਤਾ ਜੀ ਦਾ ਚੈੱਕਅੱਪ ਕਰਕੇ ਪਰਿਵਾਰ ਨਾਲ ਮਸ਼ਵਰਾ ਕਰਨ ਉਪਰੰਤ ਮਰੀਜ਼ ਦੀਆਂ ਪੱਥਰੀਆਂ ਨੂੰ ਬਿਨਾਂ ਚੀਰੇ ਦੇ ਇੰਡੋਸਕੋਪਿਕ ਅਪਰੇਸ਼ਨ ਕਰਕੇ ਬਾਹਰ ਕੱਢਿਆ । ਇਸ ਹਾਈਰਿਸਕ ਅਪਰੇਸ਼ਨ ਉਪਰੰਤ ਬਜ਼ੁਰਗ ਮਾਤਾ ਸਤਵਿੰਦਰ ਕੌਰ ਹੁਣ ਤੰਦਰੁਸਤ ਹਨ ਅਤੇ ਉਹਨਾਂ ਨੂੰ ਇਸ ਬਿਮਾਰੀ ਤੋ ਛੁਟਕਾਰਾ ਮਿਲਿਆ ਹੈ । ਇਸ ਮੌਕੇ ਡਾ.ਅਮਿਤ ਸੰਧੂ ਨੇ ਦੱਸਿਆ ਕਿ ਯੂਰੋਲੌਜੀ ਵਿਭਾਗ ਦੇ ਹੇਠਾਂ ਵੱਖ ਵੱਖ ਬਿਮਾਰੀਆਂ ਵਿਚ ਆਧੁਨਿਕ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਨਾਲ ਮਰੀਜ਼ ਜਲਦੀ ਤੰਦਰੁਸਤ ਹੁੰਦਾ ਹੈ ਅਤੇ ਅਪਰੇਸ਼ਨ ਉਪਰੰਤ ਮਰੀਜ਼ ਨੂੰ ਦੂਜੇ ਦਿਨ ਹਸਪਤਾਲ ਤੋਂ ਛੁੱਟੀ ਮਿਲਦੀ ਹੈ । ਵਧੀਆ ਇਲਾਜ ਅਤੇ ਅਪਰੇਸ਼ਨ ਕਰਨ ਲਈ ਮਾਤਾ ਸਤਵਿੰਦਰ ਕੌਰ ਨੇ ਖੁਸ਼ੀ ਭਰੇ ਮਾਹੌਲ ਵਿਚ ਡਾ. ਅਮਿਤ ਸੰਧੂ ਯੂਰੋਲੌਜਿਸਟ, ਡਾ. ਦੀਪਕ ਦੁੱਗਲ ਅਨਸਥੀਸੀਆ ਮਾਹਿਰ , ਸਮੂਹ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਹਾਈਰਿਕਸ ਬਜ਼ੁਰਗ ਔਰਤ ਦੇ ਸਫਲ ਅਪਰੇਸ਼ਨ ਲਈ ਡਾਕਟਰ ਸੰਧੂ, ਡਾ. ਦੁੱਗਲ ਅਤੇ ਸਮੂਹ ਮੈਡੀਕਲ ਟੀਮ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਸੁਰਿੰਦਰ ਸਿੰਘ ਰਾਣਾ (ਭਰਾ), ਜਸਬੀਰ ਕੌਰ (ਦਰਾਣੀ), ਬਲਬੀਰ ਕੌਰ ਵਾਰਡ ਇੰਚਾਰਜ, ਸਟਾਫ ਪਰਮਿੰਦਰ ਕੌਰ, ਸਟਾਫ ਮਨਦੀਪ ਕੌਰ ਵੀ ਮੌਜੂਦ ਸਨ ।