ਜਲੰਧਰ, (ਕਰਮਵੀਰ ਸਿੰਘ)-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ 430ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਨਗਰ ਕੀਰਤਨ ਧੰਨ-ਧੰਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਹੁਤ ਹੀ ਸੁੰਦਰ ਪਾਲਕੀ ਵਿੱਚ ਸਜਾਏ ਗਏ ਸਨ ਜਿਨਾਂ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਆਏ ਹੋਏ ਵੱਖ ਵੱਖ ਰਾਗੀ ਢਾਡੀ ਅਤੇ ਹੋਰ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰੂ ਕੀ ਸੰਗਤ ਲਈ ਗੁਰੂ ਕੇ ਲੰਗਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਸਨ। ਇਹਨਾਂ ਸਮਾਗਮਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਕੱਲ੍ਹ ਮਿਤੀ 05 ਜੁਲਾਈ ਦਿਨ ਸ਼ਨੀਵਾਰ ਨੂੰ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਦੌਰਾਨ ਭਾਈ ਕਰਮ ਸਿੰਘ ਜਲੰਧਰ, ਭਾਈ ਸ਼ਮਸ਼ੇਰ ਸਿੰਘ ਜਲੰਧਰ, ਭਾਈ ਜਗਦੀਪ ਸਿੰਘ ਹਜ਼ਾਰਾ, ਭਾਈ ਗੁਰਦੀਪ ਸਿੰਘ ਪਲਾਹੀ, ਭਾਈ ਅਮਰਜੀਤ ਸਿੰਘ ਜੰਡੂ ਸਿੰਘਾ ਵਾਲਿਆਂ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਕੇਹਰ ਸਿੰਘ ਜੋਹਲ, ਰਣਜੀਤ ਸਿੰਘ, ਜਸਪਾਲ ਸਿੰਘ ਲਾਲੀ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।


