Friday, March 14, 2025

ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਵੱਡਾ ਝਟਕਾ, ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਦੋਫਾੜ ਹੋਣ ਦੀ ਕਾਗਾਰ ਉਪਰ

ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਦੋਫਾੜ ਹੋਣ ਦੀ ਕਾਗਾਰ ਉਪਰ ਪਹੁੰਚ ਗਿਆ ਹੈ। ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਇੱਕਜੁਟਤਾ ਲਈ ਸ਼ੁਰੂ ਕੀਤੀ ਕਵਾਇਦ ਨੂੰ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਜਥੇਦਾਰਾਂ ਨੂੰ ਹਟਾਉਣ ਦਾ ਵਿਆਪਕ ਵਿਰੋਧ ਹੋ ਰਿਹਾ ਹੈ ਪਰ ਬਾਦਲ ਧੜੇ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਲੀਡਰਸ਼ਿਪ ਆਪਣੇ ਢੰਗ ਨਾਲ ਹੀ ਚੁਣਨਗੇ।
ਬਾਦਲ ਧੜੇ ਨੇ ਆਪਣੀ ਭਰਤੀ ਮੁਹਿੰਮ ਦੇ ਅੰਤਿਮ ਪੜਾਅ ਵਿੱਚ ਪਹੁੰਚਣ ਦਾ ਦਾਅਵਾ ਕੀਤਾ ਹੈ। ਫੇਸਬੁੱਕ ਉਪਰ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਪਣੇ ਅੰਤਿਮ ਪੜਾਅ ਵਿੱਚ ਹੈ। ਭਰਤੀ ਦਾ ਸਾਰਾ ਰਿਕਾਰਡ ਦਸਤਾਵੇਜ਼ਾਂ ਸਮੇਤ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਹੋ ਰਿਹਾ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਵੱਖ-ਵੱਖ ਹਲਕਿਆਂ ਤੋਂ ਆਗੂ ਤੇ ਵਰਕਰ ਸਾਹਿਬਾਨ ਭਰਤੀ ਦਾ ਰਿਕਾਰਡ ਪਾਰਟੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਲਈ ਪਹੁੰਚ ਰਹੇ ਹਨ। ਇਸ ਤੋਂ ਸਪਸ਼ਟ ਹੈ ਕਿ ਬਾਦਲ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਠਿਤ ਕਮੇਟੀ ਨੂੰ ਕੋਈ ਤਵੱਜੋਂ ਨਹੀਂ ਦੇਵੇਗਾ।
ਉਧਰ, ਬਾਦਲ ਧੜੇ ਦੇ ਤਵਰ ਵੇਖ ਬਾਗ਼ੀ ਧੜਾ ਵੀ ਐਕਟਿਵ ਹੋ ਗਿਆ ਹੈ। ਬਾਗੀ ਧੜੇ ਦੇ ਆਗੂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਬਣਾਈ ਗਈ ਕਮੇਟੀ ਆਪਣਾ ਕੰਮ ਜਾਰੀ ਰੱਖੇਗੀ। ਬੇਸ਼ੱਕ ਇਸ ਕਮੇਟੀ ਦੇ 7 ਵਿੱਚੋਂ ਸਿਰਫ਼ 5 ਮੈਂਬਰ ਹੀ ਬਚੇ ਹਨ। ਵਡਾਲਾ ਨੇ ਕਿਹਾ ਕਿ ਤੈਅ ਸਮੇਂ ਅਨੁਸਾਰ ਭਰਤੀ ਮੁਹਿੰਮ 18 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਵਡਾਲਾ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ 7 ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਪਿਛਲੇ ਦਿਨਾਂ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਵੀ ਵਿਰੋਧ ਕੀਤਾ। ਵਡਾਲਾ ਨੇ ਕਿਹਾ ਕਿ ਕਮੇਟੀ ਅਕਾਲੀ ਦਲ ਨਾਲ ਗੱਲ ਕਰੇਗੀ। ਜੇਕਰ ਉਹ ਇਕੱਠੇ ਰਹਿਣ ਲਈ ਸਹਿਮਤ ਹੋ ਜਾਂਦੇ ਹਨ ਤਾਂ ਠੀਕ ਹੈ, ਨਹੀਂ ਤਾਂ ਕਮੇਟੀ ਵੱਖਰੇ ਰਸਤੇ ਜਾ ਸਕਦੀ ਹੈ ਤੇ ਇੱਕ ਵੱਖਰੀ ਪਾਰਟੀ ਦਾ ਗਠਨ ਵੀ ਸੰਭਵ ਹੈ।
ਦਰਅਸਲ ਬਾਗੀ ਧੜੇ ਦੇ ਹੌਸਲੇ ਇਸ ਕਰਕੇ ਵੀ ਬੁਲੰਦ ਹੋਏ ਹਨ ਕਿਉਂਕਿ ਤਿੰਨ ਤਖਤਾਂ ਦੇ ਜਥੇਦਾਰ ਹਟਾਉਣ ਮਗਰੋਂ ਬਹੁਤ ਸਾਰੇ ਅਕਾਲੀ ਲੀਡਰ ਅਸਤੀਫੇ ਦੇ ਰਹੇ ਹਨ। ਇਸ ਤੋਯੰ ਲੱਗਦਾ ਹੈ ਕਿ ਬਾਗੀ ਧੜੇ ਦਾ ਕਾਫਲਾ ਵੱਡਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜਥੇਦਾਰਾਂ ਨੂੰ ਹਟਾਉਣ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਹੈ। ਬਾਗੀ ਧੜੇ ਨੂੰ ਲੱਗਦਾ ਹੈ ਕਿ ਜੇਕਰ ਇਸ ਵੇਲੇ ਉਹ ਜਨਤਾ ਦੀ ਕਚਹਿਰੀ ਵਿੱਚ ਜਾਂਦੇ ਹਨ, ਤਾਂ ਲੋਕ ਬਾਦਲ ਧੜੇ ਨੂੰ ਨਾਕਾਰ ਕੇ ਉਨ੍ਹਾਂ ਨਾਲ ਜੁੜ ਜਾਣਗੇ।
ਉਧਰ, ਮੰਨਿਆ ਜਾ ਰਿਹਾ ਹੈ ਕਿ ਨਵੇਂ ਲਾਏ ਜਥੇਦਾਰ ਅਕਾਲੀ ਦਲ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਗੇ। ਇਸ ਲਈ ਏਕੇ ਦੀਆਂ ਸੰਭਾਵਨਾਵਾਂ ਘਟ ਗਈਆਂ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੇ ਦੋਫਾੜ ਤੈਅ ਹੈ। ਉਂਝ, ਬਾਦਲ ਧੜੇ ਨੂੰ ਘੇਰਨ ਲਈ ਪੰਥਕ ਜਥੇਬੰਦੀਆਂ ਇੱਕਜੁੱਟ ਹੋ ਸਕਦੀਆਂ ਹਨ। ਇਸ ਲਈ ਪੰਥ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles