ਨਵਾਂਸ਼ਹਿਰ 29ਜੂਨ (ਜਤਿੰਦਰ ਪਾਲ ਸਿੰਘ ਕਲੇਰ )ਅੰਤਰਰਾਸ਼ਟਰੀ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦੀ ਡਰਾਉਣੀ ਕਾਮੇਡੀ ਪੰਜਾਬੀ ਫਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਸ਼ਾਮਲ ਹੋਣ ਕਰਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਉੱਘੇ ਸਮਾਜ ਸੇਵੀ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਥੇਦਾਰ ਦੁਭਾਲੀ ਨੇ ਕਿਹਾ ਕਿ ਹਾਨੀਆ ਆਮਿਰ ਕਾਰਨ ਸੱਜੇ-ਪੱਖੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਫਿਲਮ ਦੇ ਵਿਰੋਧ ‘ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਦੀ ਸ਼ੂਟਿੰਗ ਫਰਵਰੀ 2025 ਵਿੱਚ ਖਤਮ ਹੋ ਗਈ ਸੀ । ਜਦੋਂ ਕਿ ਪਹਿਲਗਾਮ ਹਮਲਾ ਬਾਅਦ ਵਿੱਚ ਹੋਇਆ ਸੀ। ਜੇਕਰ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਖੇਡਣ ਅਤੇ ਰਾਸ਼ਟਰੀ ਮੀਡੀਆ ਚੈਨਲਾਂ ‘ਤੇ ਪਾਕਿਸਤਾਨੀ ਮੀਡੀਆ ਪੈਨਲਿਸਟਾਂ ਦੇ ਬੈਠਣ ਉਤੇ ਕੋਈ ਇਤਰਾਜ਼ ਨਹੀਂ ਹੈ, ਤਾਂ ਫਿਰ ਪਾਕਿਸਤਾਨੀ ਅਦਾਕਾਰਾ ਦੀ ਅਦਾਕਾਰੀ ‘ਤੇ ਹੰਗਾਮਾ
ਕਿਉਂ ਹੋ ਰਿਹਾ ਹੈ? ਉਨ੍ਹਾ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਵੱਖਰੀ-ਵੱਖਰੀ ਨਹੀਂ ਹੋ ਸਕਦੀ। ਜੇਕਰ ਸੈਂਸਰ ਬੋਰਡ ਦਿਲਜੀਤ ਦੀ ਫਿਲਮ ‘ਪੰਜਾਬ 95’ ‘ਤੇ ਬੇਲੋੜੇ ਕੱਟ ਲਗਾ ਦਿੰਦਾ ਹੈ, ਤਾਂ ਕੋਈ ਨਹੀਂ ਬੋਲਦਾ। ਜਦੋਂ ਕਿ ਪੰਜਾਬ 95’ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਸੀ । ਹਾਲਾਂਕਿ, ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਪੁਲਿਸ ਦੁਆਰਾ 25,000 ਸਿੱਖ ਨੌਜਵਾਨਾਂ ਦੇ ਗੈਰ-ਨਿਆਇਕ ਕਤਲਾਂ ਨੂੰ ਜਨਤਕ ਕੀਤਾ ਸੀ, ਜਿਸਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਸੰਗਠਨਾਂ ਦੀ ਵਿਚਾਰਧਾਰਕ ਅਪੰਗਤਾ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਸਿੱਖ ਜਥੇਬੰਦੀਆਂ ਦਿਲਜੀਤ ਦੀਆਂ ਫਿਲਮਾਂ ਨਾਲ ਹੋ ਰਹੇ ਅਨਿਆਂ ‘ਤੇ ਚੁੱਪ ਹੈ। ਜਿਵੇਂ ਕਿ ਇਹ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ’ ਵਿੱਚ ਸਿੱਖ ਕਿਰਦਾਰ ਦੇ ਘਟੀਆ ਚਿੱਤਰਣ ‘ਤੇ ਚੁੱਪ ਸੀ । ਉਨ੍ਹਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਕਹਿਣ ਵਾਲੇ ਜਾਰੀ ਇਸ਼ਤਿਹਾਰ ‘ਤੇ ਵੀ ਆਪਣਾ ਮੂੰਹ ਬੰਦ ਰੱਖਿਆ ਹੋਇਆ ਹੈ। ਜਦੋਂ ਕਿ ਇਹ ਸਰਕਾਰੀ ਪ੍ਰਭਾਵ ਦੇ ਸਾਹਮਣੇ ਵਿਚਾਰਧਾਰਾ ਦਾ ਸਮਰਪਣ ਹੈ। ਜਥੇਦਾਰ ਦੁਭਾਲੀ ਨੇ ਫਿਲਮ ‘ਸਰਦਾਰ ਜੀ 3’ ‘ਤੇ ਪਾਬੰਦੀ ਨੂੰ ਬੇਲੋੜਾ ਅਤੇ ਆਜ਼ਾਦੀ ਵਿੱਚ ਰੁਕਾਵਟ ਦੱਸਿਆ ਹੈ।


