‘ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ…’ ਵਰਗੇ ਸੁਪਰਹਿਟ ਗਾਣੇ ਗਾ ਕੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਸ਼ੋਅ ‘ਬਿਗ ਬੌਸ’ ਵਿਚ ਨਜ਼ਰ ਆ ਚੁੱਕੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਰਾਡ ਹੋਇਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਕੁਝ ਥਰਡ ਪਾਰਟੀ ਕੰਪਨੀਆਂ ਤੇ ਵਿਸ਼ੇਸ਼ ਵਿਅਕਤੀ ਉਸ ਦੇ ਨਾਂ ‘ਤੇ ਫੇਕ ਬਿਜ਼ਨੈੱਸ ਰਾਈਟਸ ਵੇਚ ਰਹੇ ਹਨ ਤੇ ਲੋਕਾਂ ਨੂੰ ਗੁੰਮਰਾਹ ਕਰ ਫਰਾਡ ਕਰ ਰਹੇ ਹਨ।
ਸੁਨੰਦਾ ਸ਼ਰਮਾ ਨੇ ਕਿਹਾ ਕਿ ਉਸ ਦੇ ਨਾਂ ‘ਤੇ ਕੀਤੇ ਜਾ ਰਹੇ ਫਰਾਡ ਤੋਂ ਸੁਚੇਤ ਰਹੋ। ਨਾਲ ਹੀ ਸੁਨੰਦਾ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਸ ਦੇ ਨਾਂ ‘ਤੇ ਠੱਗਿਆ ਗਿਆ ਹੈ, ਉਸ ਵਿਚ ਉਸ ਦਾ ਕੋਈ ਹੱਥ ਨਹੀਂ। ਸਿੰਗਰ ਨੇ ਫਰਾਡ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸੁਨੰਦਾ ਸ਼ਰਮਾ ਨੇ ਕਿਹਾ- ਕੁਝ ਫਰਾਡ ਵਿਅਕਤੀ ਅਤੇ ਸੰਸਥਾਵਾਂ ਮੇਰੇ ਵਪਾਰਕ ਇਕਰਾਰਨਾਮਿਆਂ ‘ਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਅਵਾ ਕਰ ਰਹੀਆਂ ਹਨ ਤੇ ਤੀਜੇ ਪੱਖ ਨੂੰ ਇਹ ਭਰੋਸਾ ਦਿਵਾ ਕੇ ਗੁੰਮਰਾਹ ਕਰ ਰਹੀਆਂ ਹਨ ਕਿ ਮੈਂ ਉਨ੍ਹਾਂ ਦੇ ਨਾਲ ਕੰਟਰੈਕਟ ਵਜੋਂ ਬੱਝੀ ਹੋਈ ਹਾਂ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਤੇ ਧੋਖਾਧੜੀ ਵਾਲੇ ਹਨ। ਇਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਕਿ ਮੈਂ ਆਪਣੇ ਸਾਰੇ ਕਾਰੋਬਾਰੀ ਸਹਿਯੋਗੀਆਂ ਅਤੇ ਮੇਰੇ ਸਾਰੇ ਸਮਰਥਕਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਕੁਝ ਵਿਅਕਤੀ ਅਤੇ ਸੰਸਥਾਵਾਂ ਮੇਰੇ ਪ੍ਰੋਫੈਸ਼ਨਲ ਕੰਟਰੈਕਟ ‘ਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਅਵਾ ਕਰ ਰਹੀਆਂ ਹਨ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ, ਫਰਜ਼ੀ, ਅਣਅਧਿਕਾਰਤ ਅਤੇ ਕਾਨੂੰਨੀ ਤੌਰ ‘ਤੇ ਬੇਬੁਨਿਆਦ ਹਨ।
ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਮੇਰੇ ਪ੍ਰੋਫੈਸ਼ਨਲ ਕੰਮ, ਪਰਫਾਰਮੈਂਸ ਅਤੇ ਕੋਲੈਬਰੇਸ਼ਨ ‘ਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਹਨ। ਮੈਂ ਅਣਅਧਿਕਾਰਤ ਵਿਅਕਤੀਆਂ ਜਾਂ ਸੰਸਥਾਵਾਂ ਦੁਆਰਾ ਕੀਤੇ ਗਏ ਕਿਸੇ ਵੀ ਲੈਣ-ਦੇਣ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ।
ਇਸ ਤੋਂ ਇਲਾਵਾ ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦੀ ਹਾ ਜਿਨ੍ਹਾਂ ਨਾਲ ਅਜਿਹੇ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਸੰਪਰਕ ਕੀਤਾ ਗਿਆ ਹੈ ਜਾਂ ਜਿਨ੍ਹਾਂ ਕੋਲ ਅਜਿਹੀ ਗਲਤ ਬਿਆਨੀ ਬਾਰੇ ਕੋਈ ਜਾਣਕਾਰੀ ਹੈ, ਕਿਰਪਾ ਕਰਕੇ ਮੈਨੂੰ ਸੂਚਿਤ ਕਰਨ। ਉਹ ਤੁਰੰਤ ਈ-ਮੇਲ ਅਤੇ ਫ਼ੋਨ ਨੰਬਰ ‘ਤੇ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹਨ।
ਸਾਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਮੇਰੇ ਨਾਲ ਆਪਣੇ ਸਬੰਧਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਜਾਂ ਮੇਰੇ ਵਪਾਰਕ ਇਕਰਾਰਨਾਮਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।