# ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਬਜ਼ਾ ਵਰੰਟ ਦੀ ਤਾਮੀਲ ‘ਚ ਤੇਜੀ ਲਿਆਉਣ ਦੇ ਨਿਰਦੇਸ਼
# ਖੇਤੀਬਾੜੀ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੀ ਹਦਾਇਤ
# ਅੰਕੁਰਜੀਤ ਸਿੰਘ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਤੈਅ ਸਮੇਂ ‘ਚ ਮੁਕੰਮਲ ਕਰਨ ਦੀ ਲੋੜ ‘ਤੇ ਦਿੱਤਾ ਜ਼ੋਰ
ਸ਼ਹੀਦ ਭਗਤ ਸਿੰਘ ਨਗਰ, 12 ਜੂਨ (ਜਤਿੰਦਰ ਪਾਲ ਸਿੰਘ ਕਲੇਰ)
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ, ਭਲਾਈ ਸਕੀਮਾਂ ਅਤੇ ਲੋਕ ਪੱਖੀ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਦਿਆਂ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕੰਮਾਂ ਦੀ ਰਫ਼ਤਾਰ ਵਿੱਚ ਤੇਜੀ ਲਿਆਉਂਦਿਆਂ ਤੈਅ ਸਮੇਂ ਵਿੱਚ ਮੁਕੰਮਲ ਕਰਨ ਨੂੰ ਤਰਜੀਹ ਦਿੱਤੀ ਜਾਵੇ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਿਕ ਜਾਇਜ਼ਾ ਮੀਟਿੰਗਾਂ ਦੌਰਾਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ, ਖੇਡ ਮੈਦਾਨਾਂ ਦੀ ਉਸਾਰੀ, ਕਮਿਊਨਿਟੀ ਸੈਂਟਰ ਬਨਾਉਣ, ਆਂਗਨਵਾੜੀ ਸੈਂਟਰ ਬਨਾਉਣ, ਤਰਲ ਅਤੇ ਠੋਸ ਰਹਿੰਦ-ਖੂਹੰਦ ਪ੍ਰਬੰਧਨ, ਸੋਲਰ ਲਾਈਟਾਂ ਲਾਉਣ ਆਦਿ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰੈਗੂਲਰ ਸਮੀਖਿਆ ਕਰਦਿਆਂ ਨਿਰਧਾਰਤ ਸਮੇਂ ਵਿੱਚ ਕੰਮਾਂ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸਬ ਡਿਵੀਜ਼ਨਾਂ ਵਿੱਚ ਜਾਰੀ ਹੋਏ ਕਬਜ਼ਾ ਵਰੰਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਪੂਰੀ ਤਰਜੀਹ ਦਿੰਦਿਆਂ ਆਉਂਦੇ ਦਿਨਾਂ ਵਿੱਚ ਇਹ ਵਰੰਟ ਤਾਮੀਲ ਕਰਵਾਏ ਜਾਣ ਤਾਂ ਜੋ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਨਵਾਂਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਰਸਾਤੀ ਮੌਸਮ ਦੇ ਮੱਦੇਨਜ਼ਰ ਸਮੇਂ ਸਿਰ ਸੀਵਰੇਜ ਸਿਸਟਮ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ ਕਰਨ ਦੇ ਨਾਲ-ਨਾਲ ਲਾਈਟਾਂ, ਸਫ਼ਾਈ ਅਤੇ ਪਾਣੀ ਦੇ ਨਿਕਾਸ ਦੇ ਢੁਕਵੇਂ ਇੰਤਜਾਮ ਕੀਤੇ ਜਾਣ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤਾਕੀਦ ਕੀਤੀ ਕਿ ਕਿਸਾਨ ਭਲਾਈ ਸਕੀਮਾਂ ਦੀ ਵਿਸਥਾਰਤ ਜਾਣਕਾਰੀ ਜ਼ਮੀਨੀ ਪੱਧਰ ਤੱਕ ਪੁੱਜਦੀ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਮਿਆਰੀ ਬੀਜ, ਦਵਾਈਆਂ ਅਤੇ ਖਾਦਾਂ ਦੀ ਉਪਲਬਧਤਾ ‘ਤੇ ਵੀ ਵਿਸ਼ੇਸ਼ ਗੌਰ ਕਰਨ ਤਾਂ ਜੋ ਕਿਸਾਨਾਂ ਨੂੰ ਕੁਆਲਿਟੀ ਚੀਜ਼ਾਂ ਮਿਲ ਸਕਣ ਅਤੇ ਵਧੀਆ ਪੈਦਾਵਾਰ ਹੋ ਸਕੇ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਿੰਡਾਂ ਵਿੱਚ ਕੈਂਪਾਂ ਅਤੇ ਜਾਗਰੂਕਤਾ ਮੁਹਿੰਮ ਰਾਹੀਂ ਕਿਸਾਨਾਂ ਨੂੰ ਆਧੁਨਿਕ ਖੇਤੀ, ਮਸ਼ੀਨਾਂ ਅਤੇ ਸਮੇਂ-ਸਮੇਂ ‘ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਝੋਨੇ ਅਤੇ ਕਣਕ ਤੋਂ ਬਿਨਾਂ ਹੋਰਨਾਂ ਫਸਲਾਂ ਦੀ ਬਿਜਾਈ ਬਾਰੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਸਮਾਜਿਕ ਸੁਰੱਖਿਆ ਪੈਨਸ਼ਨਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਮਈ 2025 ਤੱਕ ਜ਼ਿਲ੍ਹੇ ਦੇ ਕੁੱਲ 80214 ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ 12.50 ਕਰੋੜ ਰੁਪਏ ਦੇ ਕਰੀਬ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ।ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਤੋਂ ਕਣਕ ਦੀ ਵੰਡ ਬਾਰੇ ਜਾਣਕਾਰੀ ਹਾਸਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 30 ਜੂਨ ਤੱਕ ਟੀਚੇ ਨੂੰ ਹਾਸਲ ਕੀਤਾ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 70ਫ਼ੀਸਦੀ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਚੁੱਕੀ ਹੈ ਅਤੇ ਰਹਿੰਦੇ ਲਾਭਪਾਤਰੀਆਂ ਨੂੰ ਆਉਂਦੇ ਦੋ ਹਫ਼ਤਿਆਂ ਦੇ ਵਿੱਚ-ਵਿੱਚ ਵੰਡ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਆਦਿ ਵਿਭਾਗਾਂ ਦੀਆਂ ਗਤੀਵਿਧੀਆਂ ਦੀ ਵੀ ਸਮੀਖਿਆ ਕੀਤੀ।


