ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਰਾਹੀਂ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ
ਸ਼ਹੀਦ ਭਗਤ ਸਿੰਘ ਨਗਰ, 3 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਕਰਾਪ ਰੈਜ਼ੀਡਿਊ ਮੈਨੇਜਮੈਂਟ ਅਤੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜ਼ੇਸ਼ਨ ਸਕੀਮ ਤਹਿਤ ਖੇਤੀਬਾੜੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਵੱਲੋਂ ਅੱਜ ਲਾਭਪਾਤਰੀਆਂ ਦੀ ਚੋਣ ਕੀਤੀ ਗਈ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਵੱਲੋਂ ਚੋਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਸੀ.ਆਰ.ਐਮ ਸਕੀਮ ਸਾਲ 2025-26 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ.ਐਮ.ਬੀ.ਪਲਾਓ, ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੋਪਰ, ਸਰਬ ਮਾਸਟਰ, ਸੁਪਰ ਐਸ.ਐਮ.ਐਸ., ਬੇਲਰ, ਰੇਕ , ਕਰਾਪ ਰੀਪਰ ਅਤੇ ਸਮੈਮ ਸਕੀਮ ਸਾਲ 2025-26 ਅਧੀਨ ਸੈਲਫ ਪ੍ਰੋਪੈਲਡ ਰਾਇਸ ਟਰਾਂਸਪਲਾਂਟਰ (ਰਾਈਡਿੰਗ ਟਾਈਪ), ਸਿੰਗਲ ਰੋ ਫੌਰਿਜ਼ ਹਾਰਵੈਸਟਰ, ਟਰੈਕਟਰ ਓਪਰੇਟਿਡ ਸਪਰੇਅਰ (ਬੂਮ ਟਾਈਪ), ਸੈਲਫ਼ ਪ੍ਰੋਪੈਲਡ ਰਾਇਸ ਟਰਾਂਸਪਲਾਂਟਰ ਅਤੇ ਟਰੈਕਟਰ ਓਪਰੇਟਿਡ ਸਪਰੇਅਰ (ਏਅਰ ਐਸੀਸਟਿੱਡ) ਲਈ ਪ੍ਰਾਪਤ ਹੋਈਆਂ ਦਰਖਾਸਤਾਂ ਅਤੇ ਟੀਚਿਆਂ ਮੁਤਾਬਿਕ ਲਾਭਪਾਤਰੀਆਂ ਦੀ ਚੋਣ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗੇ ਲਾਏ ਬਿਨਾਂ ਖੇਤੀ ਮਸ਼ੀਨਰੀ ਰਾਹੀਂ ਫ਼ਸਲ ਦੀ ਰਹਿੰਦ-ਖੂਹੰਦ ਦਾ ਸੁਚੱਜਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ‘ਜ਼ੀਰੋ ਸਟਬਲ ਬਰਨਿੰਗ’ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਕੈਟਾਗਰੀ ਵਿੱਚ ਚੁਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਖ਼ਰੀਦਣ ਲਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਤਸਦੀਕ ਹੋਣ ਉਪਰੰਤ ਪ੍ਰਵਾਨਗੀ ਜਾਰੀ ਕਰ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਇੰਜ. ਚੰਦਨ ਸ਼ਰਮਾ, ਐਲ.ਡੀ.ਐਮ. ਰਾਜੇਸ਼ ਮੋਹਨ ਭਗਤ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਜੂ ਬਾਲਾ, ਕੇ.ਵੀ.ਕੇ. ਲੰਗੜੋਆ ਅਮਿਤ ਨਾਗ, ਅਕਾਊਟੈਂਟ ਯੋਗੇਸ਼ ਕੁਮਾਰ ਬੱਸੀ, ਸੀਨੀਅਰ ਸਹਾਇਕ ਗੁਰਚਰਨ ਸਿੰਘ, ਵਰਿੰਦਰ ਕੁਮਾਰ, ਰਜਿੰਦਰ ਕੁਮਾਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 30 ਤੋਂ ਵੱਧ ਕਿਸਾਨ ਮੌਜੂਦ ਸਨ।


