Join
Friday, March 13, 2026
Friday, March 13, 2026

ਜ਼ਿਲਾ ਪ੍ਰਬੰਧਕੀ ਕੰਪਲੈਕਸ ‘ਚ ਹੋਈ ਮੌਕ ਡਰਿੱਲ, ਲੋਕਾਂ ਨੂੰ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਕੀਤਾ ਜਾਗਰੂਕ

# ਜ਼ਿਲਾ ਪ੍ਰਸ਼ਾਸਨ ਵਲੌਂ ਲੋਕਾਂ ਨੂੰ ਤਾਕੀਦ, ਡਰਨ ਜਾਂ ਘਬਰਾਉਣ ਦੀ ਨਹੀਂ ਲੋੜ
# ਮੌਕਡਰਿੱਲ ਅਤੇ ਬਲੈਕਆਊਟ ਸਥਿਤੀ ਨਜਿੱਠਣ ਲਈ ਸਿਰਫ ਅਭਿਆਸੀ ਪ੍ਰਕਿਰਿਆ
# ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ‘ਚ ਹੋਈ  ਮੌਕ ਡਰਿੱਲ
# ਰਾਤ 08:00 ਵਜੇ ਤੋਂ 08:15 ਵਜੇ ਤੱਕ ਰਹੇਗਾ ਬਲੈਕਆਊਟ

ਸ਼ਹੀਦ ਭਗਤ ਸਿੰਘ ਨਗਰ, 31ਮਈ(ਜਤਿੰਦਰ ਪਾਲ ਸਿੰਘ ਕਲੇਰ )

ਜ਼ਿਲਾ ਪ੍ਰਸ਼ਾਸਨ ਵਲੋਂ ਸ਼ਨੀਵਾਰ ਸ਼ਾਮ ਨੂੰ ਅਭਿਆਸ ਦੇ ਤੌਰ ‘ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੌਕ ਡਰਿੱਲ ਕੀਤੀ ਗਈ ਜਿਸਦਾ ਮਕਸਦ ਲੋਕਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਪੂਰੀ ਚੌਕਸੀ ਨਾਲ ਬਚਾਅ ਕਰਨਾ ਅਤੇ ਸੁਰੱਖਿਅਤ ਰਹਿਣ ਦਾ ਢੰਗ ਦੱਸਣਾ ਸੀ । 

ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਨਿਰਦੇਸ਼ਾਂ ‘ਤੇ  ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਦੀ ਅਗਵਾਈ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੌਕ ਡਰਿੱਲ ਕਰਵਾਈ ਗਈ। ਰਾਜੀਵ ਵਰਮਾ ਨੇ ਦੱਸਿਆ ਕਿ ਲੰਘੇ ਦਿਨੀਂ ਗੁਆਂਢੀ ਮੁਲਕ ਨਾਲ ਪੈਦਾ ਹੋਏ ਤਲਖ਼ੀ ਵਾਲੇ ਮਾਹੌਲ ਦੇ ਮੱਦੇਨਜ਼ਰ ਇਹ ਮੌਕ ਡਰਿੱਲ ਸਿਰਫ ਅਭਿਆਸ ਦੇ ਤੌਰ ‘ਤੇ ਕੀਤੀ ਗਈ ਤਾਂ ਜੋ ਲੋਕਾਂ ਨੂੰ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ, ਫਾਇਰ ਬ੍ਰਿਗੇਡ, ਪੁਲਿਸ, ਸਿਵਲ ਡਿਫੈਂਸ, ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਮੈਂਬਰਾਂ ਮੌਕ ਡਰਿੱਲ ਮੌਕੇ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ, ਭਵਿੱਖ ਵਿਚ ਜੇਕਰ ਲੋੜ ਪੈਂਦੀ ਹੈ ਤਾਂ ਕਿਵੇਂ ਆਪਣੇ-ਆਪ ਨੂੰ ਸੁਰੱਖਿਅਤ ਰੱਖਣਾ ਹੈ, ਦੀ ਤਿਆਰੀ ਵਜੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮੌਕਡਰਿੱਲ ਨੂੰ ਲੈ ਕੇ ਡਰ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਅਭਿਆਸੀ ਅਤੇ ਅਗਾਂਊਂ ਚੌਕਸੀ ਦੀ ਕਾਰਵਾਈ ਹੈ। 

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਸ਼ਨੀਵਾਰ ਰਾਤ 8:00 ਵਜੇ ਤੋਂ 8:15 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ ਜਿਸ ਦੌਰਾਨ ਸਾਇਰਨ ਵੱਜਣ ਤੋਂ ਬਾਅਦ ਲਾਈਟਾਂ ਮੁਕੰਮਲ ਤੌਰ ‘ਤੇ ਬੰਦ ਰੱਖੀਆਂ ਜਾਣਗੀਆਂ ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਲ਼ੈਕਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ ਜਿਸ ਦੇ ਨਾਲ ਹੀ ਬਲੈਕਆਊਟ ਹੋ ਜਾਵੇਗਾ ਤੇ ਲੋਕ ਇਸ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬਲੈਕਆਊਟ ਦੌਰਾਨ ਜਨਰੇਟਰ, ਇਨਵਰਟਰ ਆਦਿ ਬੰਦ ਰੱਖੇ ਜਾਣ ਅਤੇ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਬਲੈਕਆਊਟ ਦੌਰਾਨ ਸਾਰਿਆਂ ਨੂੰ ਆਪਣੇ ਘਰਾਂ/ਦੁਕਾਨਾਂ ਅਤੇ ਅਦਾਰਿਆਂ ਦੀਆਂ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਹਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹੰਗਾਮੀ ਹਾਲਤ ਵਿਚ ਜਾਣਕਾਰੀ ਦੇਣ ਅਤੇ ਸਹਾਇਤਾ ਲਈ ਐਮਰਜੈਂਸੀ ਨੰਬਰ 112 ਡਾਇਲ ਕੀਤਾ ਜਾਵੇ ਜਿਸ ਰਾਹੀਂ ਹਰ ਸੰਬੰਧਤ ਵਿਭਾਗ ਨੂੰ ਜਾਣਕਾਰੀ ਪੁੱਜਦੀ ਹੁੰਦੀ ਹੈ।

ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles